ਬੋਲਟ ਨੇ ਤਿੰਨ ਓਲੰਪਿਕ ਟੂਰਨਾਮੈਂਟਾਂ ‘ਚ ਨੌਂ ਗੋਲਡ ਮੈਡਲ ਜਿੱਤਣ ਦਾ ਹੱਕ ਟਰੈਕ ‘ਤੇ ਸਿਰਫ਼ 114.21 ਸਕਿੰਟ ਦੌੜ ਲਾਉਣ ਨਾਲ ਹਾਸਲ ਕੀਤਾ ਹੈ। ਉਹ ਦੁਨੀਆ ਦਾ ਪਲੇਠਾ ਮਹਾਨ ਐਥਲੀਟ ਹੈ, ਜਿਸ ਨੇ ਲਗਾਤਾਰ ਤਿੰਨ ਓਲੰਪਿਕ ‘ਚ ਫਰਾਟਾ ਦੌੜਾਂ ‘ਚ ਤਿੰਨ-ਤਿੰਨ ਸੋਨ ਤਮਗੇ ਜਿੱਤਣ ਦਾ ਕ੍ਰਿਸ਼ਮਾ ਕੀਤਾ ਹੈ। ਮਹਾਬਲੀ ਫਰਾਟਾ ਦੌੜਾਕ ਓਸੇਨ ਬੋਲਟ ਦਾ ਕਰੀਅਰ ਰੀਓ ਓਲੰਪਿਕ ‘ਚ ਤਿੰਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਖ਼ਤਮ ਹੋਇਆ।ਸਪੀਡ ਟਰੈਕਰ ਬੋਲਟ ਵੱਲੋਂ ਬੀਜਿੰਗ-2008 ‘ਚ 100 ਮੀਟਰ 9.69 ਸਕਿੰਟ, 200 ਮੀਟਰ 19.30 ਸਕਿੰਟ ਅਤੇ 4×100 ਮੀਟਰ ਰੀਲੇਅ ਰੇਸ 37.10 ਸਕਿੰਟ ਨਾਲ ਜਿੱਤੀਆਂ ਗਈਆਂ। ਬੀਜਿੰਗ ਓਲੰਪਿਕ ‘ਚ ਬੋਲਟ ਨੇ ਜਿੱਤੀਆਂ ਤਿੰਨੇ ਰੇਸਾਂ ‘ਚ ਨਵੇਂ ਓਲੰਪਿਕ ਤੇ ਵਿਸ਼ਵ ਰਿਕਾਰਡ ਸਿਰਜਣ ‘ਚ ਵੀ ਸਫ਼ਲਤਾ ਹਾਸਲ ਕੀਤੀ। ਲੰਡਨ-2012 ‘ਚ ਬੋਲਟ ਨੇ 100 ਮੀਟਰ 9.63 ਸਕਿੰਟ, 200 ਮੀਟਰ 19.32 ਸਕਿੰਟ ਨਾਲ ਅਤੇ 4×100 ਮੀਟਰ ਰੀਲੇਅ ਰੇਸ 36.84 ਸਕਿੰਟ ਨਾਲ ਤੈਅ ਕਰ ਕੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਬੋਲਟ ਨੇ ਬੀਜਿੰਗ ਓਲੰਪਿਕ ‘ਚ ਬਣਾਇਆ 37.10 ਸਕਿੰਟ ਦਾ ਰਿਕਾਰਡ ਤੋੜ ਕੇ 36.84 ਸਕਿੰਟ ਸਮੇਂ ਨਾਲ ਨਵਾਂ ਆਲਮੀ ਰਿਕਾਰਡ ਸਿਰਜਣ ‘ਚ ਕਾਮਯਾਬੀ ਹਾਸਲ ਕੀਤੀ। ਰੀਓ-2016 ਓਲੰਪਿਕ ‘ਚ ਬੋਲਟ ਨੇ 100 ਮੀਟਰ 9.81 ਸਕਿੰਟ, 200 ਮੀਟਰ 19.78 ਸਕਿੰਟ ਅਤੇ 4×100 ਮੀਟਰ ਰੀਲੇਅ ਰੇਸ 37.27 ਸਕਿੰਟ ਨਾਲ ਤੈਅ ਕਰ ਕੇ ਗੋਲਡ ਮੈਡਲਾਂ ਦੀ ਹੈਟਿ੍ਕ ਪੂਰੀ ਕੀਤੀ। ਹਾਲਾਂਕਿ ਇਕ ਸਾਲ ਬਾਅਦ ਸਾਥੀ ਰੇਸਰ ਨੇਸਟਾ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਕਰਕੇ ਰੀਲੇਅ ‘ਚ ਹਾਸਲ ਸੋਨ ਤਮਗਾ ਰੱਦ ਹੋ ਗਿਆ ਸੀ।
ਅਫਰੀਕਨ ਦੌੜਾਕਾਂ ‘ਚ ਹੋਇਆ ਗਹਿਗੱਚ ਮੁਕਾਬਲਾ
ਰੀਓ ਓਲੰਪਿਕ ‘ਚ 5000 ਅਤੇ 10000 ਮੀਟਰ ਲੰਮੀ ਦੂਰੀ ਦੌੜਨ ਵਾਲੀਆਂ ਦੋ ਅਫਰੀਕਨ ਅਥਲੀਟਾਂ ‘ਚ ਇਕ-ਦੂਜੀ ਨੂੰ ਠਿੱਬੀ ਲਾ ਕੇ ਤਮਗੇ ਜਿੱਤਣ ਦਾ ਦਿਲਚਸਪ ਤੇ ਅਨੌਖਾ ਮੁਕਾਬਲਾ ਸੁਰਖੀਆਂ ‘ਚ ਆਇਆ ਜੋ ਓਲੰਪਿਕ ਖੇਡਾਂ ਦੇ ਇਤਿਹਾਸ ‘ਚ ਸਦਾ ਲਈ ਯਾਦਗਾਰੀ ਬਣਿਆ ਰਹੇਗਾ। ਇਥੋਪੀਆ ਦੀ ਮਹਿਲਾ ਦੌੜਾਕ ਅਲਮਾਜ਼ ਅਯਾਨਾ ਨੇ ਜਿੱਥੇ ਕੀਨੀਆ ਦੀ ਵਿਵਿਅਨ ਚੇਰਈਯੇਟ ਨੂੰ ਦਸ ਹਜ਼ਾਰ ਮੀਟਰ ‘ਚ ਚਾਂਦੀ ਦਾ ਮੈਡਲ ਜਿੱਤਣ ਲਈ ਮਜਬੂਰ ਕਰਦਿਆਂ ਗੋਲਡ ਮੈਡਲ ਆਪਣੀ ਝੋਲੀ ‘ਚ ਪਾਇਆ ਉੱਥੇ ਤਿੰਨ ਦਿਨਾਂ ਬਾਅਦ ਪੰਜ ਹਜ਼ਾਰ ਮੀਟਰ ਦੌੜ ‘ਚ ਵਿਵਿਅਨ ਨੇ ਅਲਮਾਜ਼ ਨੂੰ ਤੀਜੇ ਸਥਾਨ ‘ਤੇ ਪਛਾੜ ਕੇ ਸੋਨੇ ਦਾ ਤਮਗਾ ਆਪਣੇ ਗ਼ਲੇ ਦਾ ਸ਼ਿੰਗਾਰ ਬਣਾਇਆ।ਲੰਡਨ ਓਲੰਪਿਕ ‘ਚ ਜਿੱਤੇ ਆਪਣੇ ਮੈਡਲ ਦਾ ਰੰਗ ਬਦਲ ਕੇ ਸੋਨ ਤਮਗਾ ਜਿੱਤਣ ਵਾਲੀ ਕੀਨੀਆ ਦੀ ਪਲੇਠੀ ਮਹਿਲਾ ਐਥਲੀਟ ਨਾਮਜ਼ਦ ਹੋਈ ਵਿਵਿਅਨ ਨੇ 14 ਮਿੰਟ 26.17 ਸਕਿੰਟ ਦੀ ਟਾਈਮਿੰਗ ਨਾਲ ਨਵਾਂ ਓਲੰਪਿਕ ਰਿਕਾਰਡ ਸਿਰਜਣ ਦਾ ਕਮਾਲ ਵੀ ਕੀਤਾ। ਜ਼ਿਕਰਯੋਗ ਹੈ ਕਿ ਲੰਡਨ-2012 ਓਲੰਪਿਕ ‘ਚ ਵਿਵਿਅਨ ਨੇ ਪੰਜ ਹਜ਼ਾਰ ਮੀਟਰ ਲੰਮੀ ਰੇਸ ‘ਚ ਚਾਂਦੀ ਦਾ ਮੈਡਲ ਜਿੱਤਿਆ ਸੀ। ਕੀਨੀਆ ਦੀ ਦੂਜੀ ਦੌੜਾਕ ਹੈਲਨ ਓਸਾਦੀ ਨੂੰ ਸਿਲਵਰ ਮੈਡਲ ਤੇ ਇਥੋਪੀਆ ਦੀ ਅਲਮਾਜ਼ ਅਯਾਨਾ ਨੂੰ ਤਾਂਬੇ ਦੇ ਤਮਗੇ ਨਾਲ ਸਬਰ ਕਰਨਾ ਪਿਆ। ਟੋਕੀਓ ਓਲੰਪਿਕ ‘ਚ ਚਾਰ ਓਲੰਪਿਕ ਮੈਡਲ ਜਿੱਤਣ ਵਾਲੀ 37 ਸਾਲਾ ਵਿਵਿਅਨ ਤੇ ਦੋ ਓਲੰਪਿਕ ਤਮਗੇ ਹਾਸਲ ਕਰਨ ਵਾਲੀ 29 ਸਾਲਾ ਅਲਮਾਜ਼ ਆਪਣੀਆਂ ਟੀਮਾਂ ਦਾ ਹਿੱਸਾ ਨਹੀਂ ਹਨ।
28 ਸਾਲਾਂ ਬਾਅਦ ਟੁੱਟਾ ਗੋਲੇ ਦਾ ਰਿਕਾਰਡ
ਰੀਓ ਓਲੰਪਿਕ ‘ਚ ਅਮਰੀਕਾ ਦੇ ਸੁਟਾਵੇ ਰੇਆਨ ਕਰੂਜ਼ਰ ਨੇ 22.52 ਮੀਟਰ ਦੀ ਦੂਰੀ ‘ਤੇ ਗੋਲਾ ਸੁੱਟ ਕੇ ਜਿੱਥੇ ਸੋਨ ਤਮਗਾ ਆਪਣੇ ਨਾਂ ਕੀਤਾ ਉਥੇ ਉਸ ਨੇ 28 ਸਾਲ ਪਹਿਲਾਂ ਸਿਓਲ-1988 ਓਲੰਪਿਕ ‘ਚ ਜਰਮਨੀ ਦੇ ਥ੍ਰੋਅਰ ਤਿਮੇਰਮਾਰ ਵਲੋਂ 22.47 ਮੀਟਰ ਥ੍ਰੋਅ ਨਾਲ ਬਣਾਏ ਰਿਕਾਰਡ ਨੂੰ ਤੋੜਨ ‘ਚ ਕਾਮਯਾਬੀ ਹਾਸਲ ਕੀਤੀ ਸੀ।
ਰੇਆਨ ਹੁਣ ਟੋਕੀਓ ਓਲੰਪਿਕ ‘ਚ ਆਪਣਾ ਖ਼ਿਤਾਬ ਬਚਾਉਣ ਤੋਂ ਇਲਾਵਾ ਸ਼ਾਟਪੁੱਟ ‘ਚ ਨਵਾਂ ਕ੍ਰਿਸ਼ਮਾ ਕਰਨ ਲਈ ਪੂਰੇ ਉਤਸ਼ਾਹ ‘ਚ ਨਜ਼ਰ ਆ ਰਿਹਾ ਹੈ
ਮੋਨਿਕਾ ਨੇ ਰਚਿਆ ਇਤਿਹਾਸ
ਪੋਰਤੋ ਰੀਕੋ ਦੀ ਲਾਅਨ ਟੈਨਿਸ ਸਟਾਰ ਮੋਨਿਕਾ ਪੁਗ ਨੇ ਰੀਓ ਓਲੰਪਿਕ ਦੇ ਫਾਈਨਲ ‘ਚ ਵਿਸ਼ਵ ਦੀ ਨੰਬਰ ਦੋ ਖਿਡਾਰਨ ਜਰਮਨੀ ਦੀ ਏਂਜੇਲਿਕ ਕਰਬਰ ਨੂੰ 6-4, 4-6 ਤੇ 6-1 ਦੇ ਫ਼ਰਕ ਨਾਲ ਮਾਤ ਦਿੰਦਿਆਂ ਸੋਨ ਤਮਗਾ ਆਪਣੀ ਝੋਲੀ ‘ਚ ਪਾਇਆ ਸੀ।ਓਲੰਪਿਕ ਖੇਡਾਂ ਦੇ ਇਤਿਹਾਸ ‘ਚ ਮੋਨਿਕਾ ਪੁਗ ਵਲੋਂ ਦੇਸ਼ ਦੀ ਝੋਲੀ ਪਾਇਆ ਇਹ ਪਲੇਠਾ ਓਲੰਪਿਕ ਸੋਨ ਤਮਗਾ ਸੀ। ਰੀਓ ‘ਚ ਜਿੱਤ ਦਾ ਝੰਡਾ ਬੁਲੰਦ ਕਰਨ ਵਾਲੀ 27 ਸਾਲਾ ਮੋਨਿਕਾ ਪੁਗ, ਟੋਕੀਓ ਓਲੰਪਿਕ ਨਹੀਂ ਖੇਡੇਗੀ।