ਹਰਿਆਲੀ ‘ਚ ਰਹਿਣ ਦਾ ਸਿਹਤ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਨਾਲ ਤਨ ਤੇ ਮਨ ਦੋਵਾਂ ਨੂੰ ਲਾਭ ਹੁੰਦਾ ਹੈ। ਹੁਣ ਅਜਿਹੇ ਮਾਹੌਲ ਦਾ ਬੱਚਿਆਂ ਦੀ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਦਰੱਖ਼ਤਾਂ ਜਾਂ ਬੂਟਿਆਂ ਕੋਲ ਰਹਿਣ ਨਾਲ ਬੱਚਿਆਂ ਦਾ ਦਿਮਾਗ਼ੀ ਵਿਕਾਸ ਬਿਹਤਰ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਦਿਮਾਗ਼ ਤੇਜ਼ ਹੋ ਸਕਦਾ ਹੈ ਬਲਕਿ ਭਾਵਨਾਤਮਕ ਤੇ ਵਿਵਹਾਰ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।
ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਲੰਡਨ ਤੇ ਇੰਪੀਰੀਅਲ ਕਾਲਜ ਲੰਡਨ ਦੇ ਸ਼ੋਧਕਰਤਾਵਾਂ ਨੇ ਕਿਹਾ ਕਿ ਅਧਿਐਨ ਦੇ ਇਸ ਨਤੀਜੇ ਨਾਲ ਸ਼ਹਿਰੀ ਖੇਤਰਾਂ ‘ਚ ਹਰਿਆਲੀ ਵਧਾਉਣ ਸਬੰਧੀ ਫ਼ੈਸਲੇ ਲੈਣ ‘ਚ ਮਦਦ ਮਿਲ ਸਕਦੀ ਹੈ। ਇਹ ਨਤੀਜਾ ਲੰਡਨ ਦੇ 31 ਸਕੂਲਾਂ ‘ਚ ਪੜ੍ਹਨ ਵਾਲੇ ਨੌਂ ਤੋਂ 15 ਸਾਲ ਦੀ ਉਮਰ ਦੇ 3568 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕੱਿਢਆ ਗਿਆ ਹੈ। ਬੱਚਿਆਂ ਦੀ ਉਮਰ ਦਾ ਇਹ ਇਕ ਅਜਿਹਾ ਦੌਰ ਹੁੰਦਾ ਹੈ, ਜਦੋਂ ਉਨ੍ਹਾਂ ‘ਚ ਸੋਚਣ, ਸਮਝਣ ਤੇ ਵਿਚਾਰ ਕਰਨ ਦੀਆਂ ਸਮਰੱਥਾਵਾਂ ਦਾ ਵਿਕਾਸ ਹੁੰਦਾ ਹੈ। ਨੇਚਰ ਸਸਟੇਨੇਬਿਲਿਟੀ ਪੱਤਰਕਾ ‘ਚ ਪ੍ਰਕਾਸ਼ਤ ਅਧਿਐਨ ‘ਚ ਸ਼ਹਿਰ ‘ਚ ਕੁਦਰਤੀ ਮਾਹੌਲ ਦਾ ਬੱਚਿਆਂ ਦੇ ਦਿਮਾਗ਼ੀ ਵਿਕਾਸ, ਮਾਨਸਿਕ ਹਾਲਤ ਤੇ ਸਿਹਤ ‘ਤੇ ਪੈਣ ਵਾਲੇ ਕੁੱਲ ਪ੍ਰਭਾਵ ‘ਤੇ ਗ਼ੌਰ ਕੀਤਾ ਗਿਆ। ਸ਼ੋਧਕਰਤਾਵਾਂ ਮੁਤਾਬਕ, ਰੋਜ਼ਾਨਾ ਹਰਿਆਲੀ ਵਿਚਕਾਰ ਜ਼ਿਆਦਾ ਸਮਾਂ ਰਹਿਣ ਵਾਲੇ ਬੱਚਿਆਂ ‘ਚ ਦਿਮਾਗ਼ੀ ਵਿਕਾਸ ਜ਼ਿਆਦਾ ਬਿਹਤਰ ਪਾਇਆ ਗਿਆ। ਅਜਿਹੇ ਬੱਚਿਆਂ ‘ਚ ਭਾਵਨਾਤਮਕ ਤੇ ਵਿਵਹਾਰ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ 16 ਫ਼ੀਸਦੀ ਘੱਟ ਪਾਇਆ ਗਿਆ। ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧਕਰਤਾ ਮਿਕੇਲ ਮੇਸ ਨੇ ਕਿਹਾ, ‘ਪਹਿਲਾਂ ਦੇ ਅਧਿਐਨਾਂ ਤੋਂ ਵੀ ਜਾਹਿਰ ਹੋ ਚੁੱਕਾ ਹੈ ਕਿ ਸ਼ਹਿਰੀ ਮਾਹੌਲ ‘ਚ ਹਰਿਆਲੀ ਦਾ ਦਿਮਾਗ਼ੀ ਵਿਕਾਸ ਤੇ ਮਾਨਸਿਕ ਸਿਹਤ ਨਾਲ ਸਕਾਰਾਤਮਕ ਸਬੰਧ ਹੁੰਦਾ ਹੈ।’