32.02 F
New York, US
February 6, 2025
PreetNama
ਸਿਹਤ/Health

ਸਾਵਧਾਨ! ਮਿਲਾਵਟ ਨਾਲ ਜਾ ਸਕਦੀ ਹੈ ਜਾਨ

ਅਜੋਕੇ ਭਿ੍ਰਸ਼ਟਾਚਾਰ ਤੇ ਬਦਦਿਆਨਤੀ ਯੁੱਗ ’ਚ ਬੇਈਮਾਨੀ ਇਸ ਕਦਰ ਵੱਧ ਗਈ ਹੈ ਕਿ ਜੀਵਨ ਦਾ ਕੋਈ ਵੀ ਖੇਤਰ ਇਸ ਤੋਂ ਬਚ ਨਹੀਂ ਸਕਿਆ। ਇਹ ਬਿਮਾਰੀ ਇਖ਼ਲਾਕੀ ਪੱਧਰ ’ਤੇ ਸਿਹਤਮੰਦ ਸਮਾਜ ’ਚ ਵਿਗਾੜ ਤਾਂ ਪੈਦਾ ਕਰਦੀ ਹੀ ਹੈ, ਨਾਲ ਹੀ ਸਰੀਰਕ ਪੱਖੋਂ ਸਿਹਤਮੰਦ ਲੋਕਾਂ ਨੂੰ ਨਕਾਰਾ ਬਣਾਉਣ ’ਚ ਵੀ ਕੋਈ ਕਸਰ ਨਹੀਂ ਛੱਡਦੀ। ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟ ਬੇਈਮਾਨੀ ਦਾ ਸਭ ਤੋਂ ਘਾਤਕ ਰੂਪ ਹੈ ਕਿਉਂਕਿ ਇਹ ਬੰਦੇ ਦੇ ਸਰੀਰ ਨੂੰ ਢੋਰੇ ਵਾਂਗ ਖੋਖਲਾ ਕਰ ਦਿੰਦੀ ਹੈ ਤੇ ਬਹੁਤੀਆਂ ਜਾਨਾਂ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ, ਜਿਸ ਦਾ ਇਲਾਜ ਕਰਵਾਉਣਾ ਅਸੰਭਵ ਹੋ ਜਾਂਦਾ ਹੈ। ਪੈਦਾ ਹੋਣ ਵਾਲੇ ਬੱਚੇ ਦੇ ਸਰੀਰ ’ਚ ਵੀ ਜ਼ਹਿਰੀਲੇ ਅੰਸ਼ ਮਾਂ ਤੋਂ ਪ੍ਰਵੇਸ਼ ਕਰ ਜਾਂਦੇ ਹਨ। ਇਸ ’ਚ ਮਾਂ ਦੀ ਖਾਧੀ ਖ਼ੁਰਾਕ ਵਿਚ ਮਿਲਾਵਟੀ ਅੰਸ਼ਾਂ ਦਾ ਦੋਸ਼ ਹੁੰਦਾ ਹੈ। ਸਾਡੇ ਆਪਣੇ ਲੋਕ ਹੀ ਸਮਾਜ ਦੀਆਂ ਜੜ੍ਹਾਂ ਕਮਜ਼ੋਰ ਕਰ ਰਹੇ ਹਨ। ਇਸ ਸਮੱਸਿਆ ਦਾ ਹੱਲ ਤਾਂ ਪਤਾ ਨਹੀਂ ਹੋਣਾ ਹੈ ਜਾਂ ਨਹੀਂ ਪਰ ਡੀਏਆਰਟੀ (ਡਿਟੈਕਟ ਅਡਲਟ੍ਰੇਸ਼ਨ ਵਿਦ ਰੈਪਿਡ ਟੈਸਟ) ਰਾਹੀਂ ਅਸੀਂ ਖਾਣ-ਪੀਣ ਦੀਆਂ ਵਸਤਾਂ ’ਚੋਂ ਮਿਲਾਵਟੀ ਪਦਾਰਥਾਂ ਦੀ ਪਰਖ ਆਪ ਕਰ ਸਕਦੇ ਹਾਂ।

ਕੀ ਹੈ ਖ਼ੁਰਾਕੀ ਮਿਲਾਵਟ

 

 

ਸਸਤੇ, ਘਟੀਆ, ਨੁਕਸਾਨਦਾਇਕ, ਫ਼ਾਲਤੂ, ਗ਼ੈਰ-ਜ਼ਰੂਰੀ ਪਦਾਰਥਾਂ ਨੂੰ ਖ਼ੁਰਾਕੀ ਵਸਤਾਂ ’ਚ ਮਿਲਾਉਣਾ ਹੀ ਮਿਲਾਵਟ ਹੈ। ਕਈ ਵਾਰ ਖ਼ੁਰਾਕੀ ਵਸਤਾਂ ਵਿੱਚੋਂ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਕੱਢ ਲਿਆ ਜਾਂਦਾ ਹੈ, ਜਿਵੇਂ ਇਲਾਇਚੀ ਜਾਂ ਲੌਂਗ ਵਿੱਚੋਂ ਤੇਲ ਕੱਢ ਲੈਣਾ, ਦੁੱਧ ਵਿੱਚੋਂ ਕਰੀਮ ਕੱਢਣਾ, ਆਟੇ ਵਿੱਚੋਂ ਛਿਲਕਾ ਵੱਖਰਾ ਕਰ ਲੈਣਾ ਆਦਿ ਵੀ ਖ਼ੁਰਾਕੀ ਪਦਾਰਥਾਂ ਦੀ ਪੌਸ਼ਟਿਕਤਾ ਘਟਾਉਂਦਾ ਹੈ। ਮਿਲਾਵਟ ਖ਼ੁਰਾਕੀ ਪਦਾਰਥਾਂ ਦੀ ਪੈਦਾਵਾਰ ਤੋਂ ਲੈ ਕੇ ਵੇਚਣ ਤਕ ਕਿਸੇ ਵੀ ਪੜਾਅ ’ਤੇ ਜਾਣਬੁੱਝ ਕੇ ਜਾਂ ਅਚਨਚੇਤ ਹੋ ਸਕਦੀ ਹੈ ਪਰ ਇਸ ਦਾ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਆਟਾ ਛਿਲਕੇ ਸਮੇਤ ਵਰਤੋ

 

 

ਕਣਕ ਪੀਸਣ ਸਮੇਂ ਇਸ ਦਾ ਛਿਲਕਾ (ਛਾਣ) ਵੱਖ ਕਰ ਲਿਆ ਜਾਂਦਾ ਹੈ, ਜੋ ਮਹਿੰਗੇ ਭਾਅ ਦੇ ਫਾਈਬਰ ਭਰਪੂਰ ਬਰੈੱਡ, ਬਿਸਕੁਟਾਂ ਆਦਿ ’ਚ ਵਰਤਿਆ ਜਾਂਦਾ ਹੈ। ਆਟੇ ਦਾ ਛਿਲਕਾ ਹੋਰ ਪੌਸ਼ਟਿਕ ਤੱਤਾਂ ਸਮੇਤ ਵਿਟਾਮਿਨ -ਬੀ1, ਬੀ2, ਬੀ6 ਨਾਲ ਵੀ ਭਰਪੂਰ ਹੁੰਦਾ ਹੈ। ਘਰ ’ਚ ਵੀ ਆਟਾ ਬਿਨਾਂ ਛਾਣੇ ਜਾਂ ਮੋਟੀ ਛਾਨਣੀ ਨਾਲ ਛਾਨਣਾ ਚਾਹੀਦਾ ਹੈ ਤਾਂ ਜੋ ਛਾਣ ਨਾਮਾਤਰ ਹੀ ਨਿਕਲੇ। ਅਨਾਜ ਜਿਵੇਂ ਕਣਕ,ਚੌਲ, ਬਾਜਰਾ ਆਦਿ ’ਚ ਆਮ ਤੌਰ ’ਤੇ ਪੱਥਰ, ਰੋੜੀ, ਕੰਕਰ, ਚਿਪਸ, ਸੁੱਕੀ ਲੱਕੜੀ ਦਾ ਬੂਰਾ ਤੇ ਛਿਲਕਾ ਆਦਿ ਭਾਰ ਵਧਾਉਣ ਲਈ ਮਿਲਾਏ ਹੁੰਦੇ ਹਨ। ਅਨਾਜ ’ਚ ਆਮ ਤੌਰ ’ਤੇ ਅਰਗੌਟ (ਜ਼ਹਿਰੀਲੀ ਉੱਲੀ) ਮਿਲਾਈ ਹੋ ਸਕਦੀ ਹੈ। ਅਨਾਜ ਨੂੰ ਧੋ ਕੇ ਤੇ ਚੁਗ ਕੇ ਮਿਲਾਵਟੀ ਅੰਸ਼ ਵੱਖ ਕੀਤੇ ਜਾ ਸਕਦੇ ਹਨ। ਧੋਣ ਸਮੇਂ ਪੱਥਰ ਥੱਲੇ ਬੈਠ ਜਾਂਦੇ ਹਨ। ਰਾਗੀ ਦੇ ਦਾਣਿਆਂ ਨੂੰ ਨੁਕਸਾਨਦੇਹ ਰੋਡਾਮਾਈਨ ਬੀ ਰੰਗ ਕੀਤਾ ਹੋ ਸਕਦਾ ਹੈ। ਇਸ ਦੀ ਬਾਹਰੀ ਪਰਤ ’ਤੇ ਰੂੰ ਦਾ ਗਿੱਲਾ ਟੁਕੜਾ ਰਗੜਨ ਨਾਲ ਜੇ ਰੂੰ ਰੰਗਦਾਰ ਹੋ ਜਾਵੇ ਤਾਂ ਰੋਡਾਮਾਈਨ ਬੀ ਦੀ ਮਿਲਾਵਟ ਦਾ ਸੰਕੇਤ ਹੈ।

ਰੰਗਾਂ ਦੇ ਸੇਵਨ ਤੋਂ ਬਚੋ

 

 

ਖ਼ੁੁਰਾਕੀ ਵਸਤਾਂ ਨੂੰ ਵੰਨ-ਸੁਵੰਨੇ ਰੰਗਾਂ ਨਾਲ ਰੰਗ ਕੇ ਗਾਹਕ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ। ਜ਼ਿਆਦਾਤਰ ਇਹ ਰੰਗ ਕੈਮੀਕਲ ਹੁੰਦੇ ਹਨ, ਜਿਨ੍ਹਾਂ ਦਾ ਸਾਡੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਛੋਲੇ ਤੇ ਅਰਹਰ ਦੀ ਦਾਲ ਦਾ ਰੰਗ ਤੇਜ਼ ਕਰਨ ਲਈ ਮੈਟਾਨਿਲ ਪੀਲਾ ਰੰਗ ਵਰਤਿਆ ਹੁੰਦਾ ਹੈ। ਮੈਟਾਨਿਲ ਪੀਲਾ ਰੰਗ ਜੋ ਦਾਲਾਂ ਤੋਂ ਇਲਾਵਾ ਵੇਸਣ, ਗੁੜ, ਹਲਦੀ ਤੇ ਹੋਰ ਪੀਲੇ ਰੰਗ ਦੀਆਂ ਖਾਣ ਦੀਆਂ ਵਸਤਾਂ ਜਿਵੇਂ ਜੈਲੀ, ਆਈਸਕ੍ਰੀਮ ਆਦਿ ’ਚ ਮਿਲਾਇਆ ਹੁੰਦਾ ਹੈ। ਇਸ ਨਾਲ ਮਿਹਦਾ, ਪਿੱਤਾ ਤੇ ਕਿਡਨੀ ਸਬੰਧੀ ਬਿਮਾਰੀਆਂ ਲੱਗ ਸਕਦੀਆਂ ਹਨ। ਕਈ ਵਾਰ ਇਹ ਰੰਗ ਬਾਂਝਪਣ ਤੇ ਅਸਧਾਰਨ ਬੱਚੇ ਪੈਦਾ ਹੋਣ ਦਾ ਕਾਰਨ ਵੀ ਬਣ ਜਾਂਦਾ ਹੈ। ਲੰਮੇ ਸਮੇਂ ਤਕ ਮੈਟਾਨਿਲ ਪੀਲੇ ਰੰਗ ਦੀ ਵਰਤੋਂ ਨਾਲ ਨਿਊਰੋਟੌਕਸੇਸਿਟੀ ਹੋ ਸਕਦੀ ਹੈ (ਦਿਮਾਗ਼ ਦੇ ਟਿਸ਼ੂਆਂ ਦਾ ਨੁਕਸਾਨ)। ਮੈਟਾਨਿਲ ਪੀਲੇ ਰੰਗ ਦੀ ਮਿਲਾਵਟ ਚੈੱਕ ਕਰਨ ਲਈ ਕੱਚ ਦੇ ਗਲਾਸ ’ਚ ਥੋੜ੍ਹਾ ਜਿਹਾ ਪਾਣੀ ਲਵੋ ਤੇ ਇਸ ’ਚ ਥੋੜ੍ਹੀ ਜਿਹੀ ਦਾਲ ਪਾਓ। ਫਿਰ ਹਾਈਡ੍ਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾਓ। ਜੇ ਪਾਣੀ ਦਾ ਰੰਗ ਗੁਲਾਬੀ ਲਾਲ ਹੋ ਜਾਂਦਾ ਹੈ ਤਾਂ ਇਹ ਮੈਟਾਨਿਲ ਪੀਲੇ ਰੰਗ ਦੀ ਮਿਲਾਵਟ ਦਾ ਸੰਕੇਤ ਹੈ।

 

 

ਸਾਬਤ ਦਾਲਾਂ ’ਚ ਆਮ ਤੌਰ ’ਤੇ ਆਕਾਰ ਤੇ ਰੰਗ ਪੱਖੋਂ ਮੇਲ ਖਾਂਦੇ ਪੱਥਰ ਮਿਲਾਏ ਹੁੰਦੇ ਹਨ। ਕਈ ਦਾਲਾਂ ਜਿਵੇਂ ਛੋਲੇ, ਅਰਹਰ, ਮੂੰਗੀ ਦੀ ਦਾਲ ’ਚ ਕੇਸਰੀ ਦਾਲ ਜੋ ਨੁਕਸਾਨਦਾਇਕ ਹੈ, ਮਿਲਾਈ ਹੁੰਦੀ ਹੈ। ਕੇਸਰੀ ਦਾਲ ਨੋਕੀਲੇ ਆਕਾਰ ਦੀ ਹੁੰਦੀ ਹੈ, ਜਦੋਂਕਿ ਛੋਲਿਆਂ ਤੇ ਅਰਹਰ ਦੀ ਦਾਲ ਗੋਲ ਤੇ ਚਪਟੀ ਹੁੰਦੀ ਹੈ। ਕੇਸਰੀ ਦਾਲ ਦੀ ਵਰਤੋਂ ਨਾਲ ਲੱਤਾਂ ਦਾ ਅਧਰੰਗ ਹੋ ਸਕਦਾ ਹੈ। ਇਸ ਦਾ ਆਕਾਰ ਦੇਖ ਕੇ ਪਛਾਣ ਕੀਤੀ ਜਾ ਸਕਦੀ ਹੈ। ਵੱਖਰੇ ਆਕਾਰ ਜਾਂ ਰੰਗ ਦੇ ਦਾਣੇ ਚੁਗ ਕੇ ਕੱਢੇ ਜਾ ਸਕਦੇ ਹਨ।

 

 

 

 

ਸ਼ੁੱਧ ਦੁੱਧ ਪੀਓ

 

 

ਦੁੱਧ ’ਚ ਆਮ ਤੌਰ ’ਤੇ ਗੰਦਾ ਪ੍ਰਦੂਸ਼ਿਤ ਪਾਣੀ, ਰਿਫਾਇੰਡ ਤੇਲ, ਯੂਰੀਆ, ਸਟਾਰਚ, ਫਾਰਮੇਲਿਨ, ਡਿਟਰਜੈਂਟ, ਅਮੋਨੀਅਮ ਸਲਫੇਟ, ਬੋਰਿਕ ਐਸਿਡ, ਕਾਸਟਿਕ ਸੋਡਾ, ਬੈਨਜੋਇਕ ਐਸਿਡ, ਹਾਈਡ੍ਰੋਜਨ ਪਾਰਕਸਾਈਡ, ਖੰਡ, ਮੈਲਾਮਾਈਨ ਆਦਿ ਦੀ ਮਿਲਾਵਟ ਕੀਤੀ ਹੋ ਸਕਦੀ ਹੈ। ਇਸ ਦਾ ਸਿਹਤ ’ਤੇ ਮਾੜਾ ਅਸਰ ਹੁੰਦਾ ਹੈ। ਖ਼ਾਸ ਕਰਕੇ ਮਿਹਦੇ ਸਬੰਧੀ ਰੋਗ ਪੈਦਾ ਹੋ ਜਾਂਦੇ ਹਨ। ਕਰੀਮ ਉਤਾਰਨ ਨਾਲ ਵੀ ਇਸ ਦੇ ਪੌਸ਼ਟਿਕ ਤੱਤਾਂ ’ਚ ਕਮੀ ਆ ਜਾਂਦੀ ਹੈ। ਐੱਫਐੱਸਐੱਸਏਆਈ (ਫੂਡ ਸੇਫਟੀ ਐਂਡ ਸਕਿਓਰਿਟੀ ਅਥਾਰਿਟੀ ਆਫ ਇੰਡੀਆ) ਵੱਲੋਂ 33 ਸੂਬਿਆਂ ’ਚ ਕੀਤਾ ਸਰਵੇ ਵੀ ਦੁੱਧ ’ਚ

 

 

ਪਾਣੀ, ਡਿਟਰਜੈਂਟ, ਫੈਟ ਤੇ ਯੂਰੀਆ ਆਦਿ ਦੀ ਮਿਲਾਵਟ ਦਰਸਾਉਂਦਾ ਹੈ।

 

 

ਦੁੱਧ ’ਚ ਪਾਣੀ ਦੀ ਮਿਲਾਵਟ ਪਰਖ

 

 

ਇਸ ਲਈ ਕੱਚ ਦਾ ਗਲਾਸ ਦੁੱਧ ਨਾਲ ਭਰ ਕੇ ਉਸ ਨੂੰ ਦੂਸਰੇ ਗਲਾਸ ’ਚ ਪਲਟ ਦਿਉ। ਜੇ ਖ਼ਾਲੀ ਗਲਾਸ ਦੁਧੀਆ ਨਜ਼ਰ ਆਵੇ ਤਾਂ ਦੁੱਧ ਸ਼ੁੱਧ ਹੈ, ਨਹੀਂ ਤਾਂ ਇਸ ’ਚ ਪਾਣੀ ਮਿਲਿਆ ਹੋਇਆ ਹੈ। ਦੁੱਧ ਦਾ ਤੁਪਕਾ ਤਿਰਛੀ ਸਮਤਲ ਸਤ੍ਹਾ ’ਤੇ ਪਾਉਣ ਨਾਲ ਪਾਣੀ ਦੀ ਮਿਲਾਵਟ ਵਾਲਾ ਦੁੱਧ ਨਿਸ਼ਾਨ ਛੱਡੇ ਬਿਨਾਂ ਤੇਜ਼ੀ ਨਾਲ ਵਹੇਗਾ, ਜਦੋਂਕਿ ਸ਼ੁੱਧ ਦੁੱਧ ਹੌਲੀ-ਹੌਲੀ ਖਿਸਕੇਗਾ ਤੇ ਚਿੱਟਾ ਨਿਸ਼ਾਨ ਛੱਡੇਗਾ। ਲੈਕਟੋਮੀਟਰ ਨਾਲ ਵੀ ਇਹ ਟੈਸਟ ਕਰ ਸਕਦੇ ਹਾਂ।

 

 

 

 

ਦੁੱਧ ’ਚ ਸਟਾਰਚ ਦੀ ਮਿਲਾਵਟ ਦੀ ਪਰਖ

 

 

ਥੋੜ੍ਹਾ ਜਿਹਾ ਦੁੱਧ ਲੈ ਕੇ ਉਸ ’ਚ ਆਇਓਡੀਨ ਮਿਲਾਓ। ਜੇ ਦੁੱਧ ਦਾ ਰੰਗ ਨੀਲਾ ਜਾਂ ਸੁਰਮਈ ਹੋ ਜਾਂਦਾ ਹੈ ਤਾਂ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੁੱਧ ਨੂੰ ਗਾੜ੍ਹਾ ਕਰਨ ਲਈ ਸਟਾਰਚ ਦੀ ਮਿਲਾਵਟ ਕੀਤੀ ਹੋਈ ਹੈ। ਬਰਫੀ, ਖੋਆ, ਪਨੀਰ ਆਦਿ ’ਚ ਸਟਾਰਚ ਦੀ ਮਿਲਾਵਟ ਚੈੱਕ ਕਰਨ ਲਈ ਅੱਧਾ ਚਮਚ ਖੋਆ, ਪਨੀਰ ਦਾ ਸੈਂਪਲ ਲਵੋ ਤੇ ਇਸ ਵਿਚ ਇਕ ਚਮਚ ਪਾਣੀ ਮਿਲਾ ਕੇ ਇਸ ਨੂੰ ਉਬਾਲ ਲਓ। ਠੰਢਾ ਹੋਣ ’ਤੇ ਦੋ-ਤਿੰਨ ਤੁਪਕੇ ਆਇਓਡੀਨ ਪਾਓ। ਜੇ ਇਸ ਦਾ ਰੰਗ ਨੀਲਾ ਹੋ ਜਾਵੇ ਤਾਂ ਇਹ ਸਟਾਰਚ ਦੀ ਮਿਲਾਵਟ ਦਾ ਸੰਕੇਤ ਹੈ।

 

 

ਡਿਟਰਜੈਂਟ ਪਾਊਡਰ ਦੀ ਮਿਲਾਵਟ ਪਰਖ

 

 

ਡਿਟਰਜੈਂਟ ਦੀ ਮਿਲਾਵਟ ਚੈੱਕ ਕਰਨ ਲਈ 5-10 ਮਿ:ਲਿ: ਦੁੱਧ ਲੈ ਕੇ ਓਨੀ ਹੀ ਮਿਕਦਾਰ ’ਚ ਪਾਣੀ ਮਿਲਾ ਦਿਉ ਤੇ ਚੰਗੀ ਤਰ੍ਹਾਂ ਹਿਲਾਓ। ਸੰਘਣੀ ਝੱਗ ਡਿਟਰਜੈਂਟ ਦੀ ਮਿਲਾਵਟ ਦੀ ਨਿਸ਼ਾਨੀ ਹੈ, ਜਦੋਂਕਿ ਸ਼ੁੱਧ ਦੁੱਧ ’ਚ ਸੰਘਣੀ ਝੱਗ ਨਹੀਂ ਬਣੇਗੀ

 

 

ਜਾਂ ਬਹੁਤ ਹੀ ਪਤਲੀ ਪਰਤ ਝੱਗ ਦੀ ਬਣੇਗੀ।

 

 

ਘਿਓ-ਤੇਲ ਦੀ ਸ਼ੁੱਧਤਾ ਦੀ ਪਰਖ

 

 

ਸ਼ੁੱਧ ਦੇਸੀ ਘਿਓ ’ਚ ਬਨਸਪਤੀ ਘਿਓ, ਸਰ੍ਹੋਂ ਦੇ ਤੇਲ ’ਚ ਸਸਤੇ ਤੇਲ ਜਿਵੇਂ ਆਰਜ਼ੀਮੋਨ ਤੇਲ, ਮੱਖਣ ’ਚ ਉੱਬਲੇ ਹੋਏ ਆਲੂ ਫੇਹ ਕੇ ਜਾਂ ਹੋਰ ਸਟਾਰਚੀ ਪਦਾਰਥ ਮਿਲਾਏ ਹੋ ਸਕਦੇ ਹਨ। ਆਰਜ਼ੀਮੋਨ ਤੇਲ ਨਾਲ ਪਿੱਤੇ, ਨਜ਼ਰ ਤੇ ਦਿਲ ਸਬੰਧੀ ਰੋਗ ਲੱਗ ਸਕਦੇ ਹਨ। ਦੇਸੀ ਘਿਓ ਦੀ ਸ਼ੁੱਧਤਾ ਦੀ ਪਰਖ ਲਈ ਘਿਓ ਦਾ ਸੈਂਪਲ ਲਵੋ। ਇਸ ’ਚ ਹਾਈਡ੍ਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾ ਕੇ ਇਕ ਮਿੰਟ ਤਕ ਹਿਲਾਓ ਤੇ ਫੇਰ ਪੰਜ ਕੁ ਮਿੰਟ ਪਿਆ ਰਹਿਣ ਦਿਉ। ਜੇ ਐਸਿਡ ਦੇ ਥੱਲੇ ਗੁਲਾਬੀ ਰੰਗ ਨਜ਼ਰ ਆਵੇ ਤਾ ਦੇਸੀ ਘਿਓ ’ਚ ਬਨਸਪਤੀ ਘਿਓ ਮਿਲਾਇਆ ਹੋਇਆ ਹੈ।

 

 

ਸਾਬਤ ਸਰ੍ਹੋਂ ’ਚ ਆਰਜ਼ੀਮੋਨ ਬੀਜਾਂ ਦੀ ਪਰਖ ਕਰਨ ਲਈ ਇਸ ਦੇ ਦਾਣੇ ਨੂੰ ਫੇਹ ਕੇ ਵਿੱਚੋਂ ਵੇਖਣ ’ਤੇ ਆਰਜ਼ੀਮੋਨ ਦਾ ਬੀਜ ਚਿੱਟਾ ਹੋਵੇਗਾ, ਜਦੋਂਕਿ ਸਰ੍ਹੋਂ ਦਾ ਬੀਜ ਪੀਲਾ ਹੋਵੇਗਾ। ਸਰ੍ਹੋਂ ਦੇ ਤੇਲ ’ਚ ਨਾਈਟਿ੍ਰਕ ਐਸਿਡ ਦੀਆਂ ਕੁਝ ਬੂੰਦਾਂ ਮਿਲਾਉਣ ’ਤੇ ਜੇ ਰੰਗ ਲਾਲ ਹੋ ਜਾਵੇ ਤਾਂ ਆਰਜ਼ੀਮੋਨ ਤੇਲ ਮਿਲਾਇਆ ਹੋ ਸਕਦਾ ਹੈ। ਮੱਖਣ-ਘਿਓ ’ਚ ਸਟਾਰਚ ਦੀ ਮਿਲਾਵਟ ਦੀ ਪਰਖ ਕਰਨ ਲਈ ਅੱਧਾ ਚਮਚ ਘਿਓ ਜਾਂ ਮੱਖਣ ਇਕ ਪਾਰਦਰਸ਼ੀ ਕੌਲੀ ਜਾਂ ਗਲਾਸ ’ਚ ਲਵੋ। ਇਸ ’ਚ ਦੋ ਤਿੰਨ ਤੁਪਕੇ ਆਇਓਡੀਨ ਦੇ ਪਾਓ। ਜੇ ਇਸ ਦਾ ਰੰਗ ਨੀਲਾ ਹੋ ਜਾਵੇ ਤਾਂ ਸਮਝੋ ਇਸ ਵਿਚ ਆਲੂ, ਸ਼ਕਰਕੰਦੀ ਜਾਂ ਹੋਰ ਸਟਾਰਚ ਦੀ ਮਿਲਾਵਟ ਕੀਤੀ ਹੋਈ ਹੈ।

 

 

ਸ਼ੱੁਧ ਖ਼ੁਰਾਕ ਨੂੰ ਦਿਉ ਪਹਿਲ

 

 

ਆਮ ਤੌਰ ’ਤੇ ਚੀਜ਼, ਵਸਤੂ, ਕੱਪੜਾ, ਸਾਜ਼ੋ-ਸਾਮਾਨ, ਪ੍ਰਾਪਰਟੀ ਆਦਿ ਖ਼ਰੀਦਣ ਵੇਲੇ ਤਾਂ ਬੰਦਾ ਬੜਾ ਸੋਚਦਾ ਵਿਚਾਰਦਾ ਹੈ ਪਰ ਖਾਧੀ ਜਾਣ ਵਾਲੀ ਖ਼ੁਰਾਕ ਬਾਰੇ ਕਿ ‘ਕੀ ਇਹ ਸ਼ੁੱਧ ਹੈ, ਇਸ ’ਚ ਮਿਲਾਵਟ ਤਾਂ ਨਹੀਂ’ ਆਦਿ ਗੱਲਾਂ ਵੱਲ ਓਨਾ ਧਿਆਨ ਨਹੀਂ ਦਿੰਦਾ। ਬੇਸ਼ੱਕ ਕੋਰੋਨਾ ਕਾਲ ਨੇ ਲੋਕਾਂ ਨੂੰ ਖ਼ੁਰਾਕ ਪ੍ਰਤੀ ਪਹਿਲਾਂ ਦੇ ਮੁਕਾਬਲੇ ਚੇਤੰਨ ਕੀਤਾ ਹੈ। ਸੁੱਕੇ ਰਾਸ਼ਨ ਜਾਂ ਕੱਚੀਆਂ ਖ਼ੁਰਾਕੀ ਵਸਤਾਂ ਰਾਹੀਂ ਅਸੀਂ ਅਣਜਾਣੇ ’ਚ ਖ਼ੁਰਾਕੀ ਜ਼ਹਿਰਾਂ ਦਾ ਸੇਵਨ ਕਰ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ।

Related posts

Foods to Avoid in Cold & Cough : ਠੰਢ ’ਚ ਸਰਦੀ-ਜ਼ੁਕਾਮ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਕਰੋ ਪਰਹੇਜ਼, ਵਰਨਾ ਵੱਧ ਸਕਦੀ ਹੈ ਪਰੇਸ਼ਾਨੀ

On Punjab

ਜੇਕਰ ਤੁਸੀ ਵੀ ਕਰਦੇ ਹੋ ਈਅਰਫੋਨਸ ਦਾ ਜਿਆਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ !

On Punjab

ਜੇਕਰ ਤੁਹਾਨੂੰ ਵੀ ਬਰਗਰ ਪਸੰਦ ਤਾਂ ਹੋ ਜਾਵੋ ਸਾਵਧਾਨ, ਆਹ ਦੇਖੋ ਕੀ ਨਿਕਲਿਆ

On Punjab