34.32 F
New York, US
February 3, 2025
PreetNama
ਖਾਸ-ਖਬਰਾਂ/Important News

ਅਫ਼ਗਾਨ ਦੇ ਹਿੰਦੂ-ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਉੱਠੀ ਮੰਗ, ਕੰਵਲਜੀਤ ਬਖਸ਼ੀ ਨੇ ਲਿਖਿਆ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਪੱਤਰ

 ਅਫ਼ਗਾਨਿਸਤਾਨ `ਚ ਉੱਥੇ ਵਸਦੇ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਭਾਰਤੀ ਭਾਈਚਾਰੇ ਨੇ ਮੰਗ ਰੱਖ ਦਿੱਤੀ ਹੈ। ਨਿਊਜ਼ੀਲੈਂਡ ਦੇ ਪਹਿਲੇ ਪਗੜੀਧਾਰੀ ਪਾਰਲੀਮੈਂਟ ਮੈਂਬਰ ਅਤੇ ਨੈਸ਼ਨਲ ਪਾਰਟੀ ਦੇ ਆਗੂ ਕੰਵਲਜੀਤ ਸਿੰਘ ਬਖਸ਼ੀ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਹੈ ਕਿ ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਰੀ ਤਹਿਤ ਹਿੰਦੂ-ਸਿੱਖ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਯਾਦ ਕਰਾਇਆ ਕਿ ਕੁੱਝ ਮਹੀਨੇ ਪਹਿਲਾਂ ਹਿੰਦੂ-ਸਿੱਖ ਭਾਈਚਾਰੇ ਦੀਆਂ ਵੱਡੀਆਂ ਸੰਸਥਾਵਾਂ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ, ਭਾਰਤੀਆ ਸਮਾਜ ਮੰਦਰ ਅਤੇ ਹੋਰ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਕੋਲ ਅਫ਼ਗਾਨਿਸਤਾਨ ਵਸਦੇ 250 ਹਿੰਦੂ-ਸਿੱਖ ਪਰਿਵਾਰਾਂ ਦੀ ਤਰਸਯੋਗ ਹਾਲਤ ਬਿਆਨ ਕੀਤੀ ਸੀ। ਇਹ ਅਪੀਲ ਵੀ ਕੀਤੀ ਸੀ ਕਿ ਉਨ੍ਹਾਂ ਚੋਂ 10 ਪਰਿਵਾਰਾਂ ਨੂੰ ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ ਤਹਿਤ ਨਿਊਜ਼ੀਲੈਂਡ ਬੁਲਾਇਆ ਜਾਣਾ ਚਾਹੀਦਾ ਹੈ। ਜਿਨ੍ਹਾਂ ਦਾ ਦੋ ਸਾਲ ਲਈ ਸਾਰਾ ਖ਼ਰਚਾ ਹਿੰਦੂ-ਸਿੱਖ ਭਾਈਚਾਰਾ ਚੁੱਕੇਗਾ ਅਤੇ ਉਹ ਰਿਫ਼ੂਜੀ ਲੋਕ ਨਿਊਜ਼ੀਲੈਂਡ ਸਰਕਾਰ `ਤੇ ਬੋਝ ਨਹੀਂ ਬਣਨਗੇ।

ਉਨ੍ਹਾਂ ਦੱਸਿਆ ਕਿ ਅਜਿਹੀ ਹੀ ਤਜਵੀਜ਼ ਕੈਨੇਡਾ ਨੇ ਤੁਰੰਤ ਅਪਣਾ ਲਈ ਸੀ , ਜਿਸ ਕਰਕੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਸਿੱਖ ਅਫ਼ਗਾਨਿਸਤਾਨ ਤੋਂ ਕੈਨੇਡਾ ਜਾ ਕੇ ਸੈਟਲ ਹੋ ਚੁੱਕੇ ਹਨ।ਪੱਤਰ `ਚ ਇਹ ਭਰੋਸਾ ਵੀ ਦਿੱਤਾ ਗਿਆ ਹੈ ਕਿ ਨਿਊਜ਼ੀਲੈਂਡ ਦਾ ਹਿੰਦੂ-ਸਿੱਖ ਭਾਈਚਾਰਾ ‘ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ’ ਤਹਿਤ ਅਫ਼ਗਾਨਿਸਤਾਨ ਤੋਂ ਆਉਣ ਵਾਲਿਆਂ ਲਈ ਰਹਿਣ-ਸਹਿਣ, ਰੋਟੀ-ਪਾਣੀ, ਲੋੜੀਂਦੀਆਂ ਵਸਤਾਂ ਅਤੇ ਉਨ੍ਹਾਂ ਦੀਆਂ ਸਕਿਲਜ ਨੂੰ ਅੱਪਗਰੇਡ ਕੇ ਸੁਸਾਇਟੀ `ਚ ਵਿਚਰਨ ਦੇ ਸਮਰੱਥ ਬਣਾਉਣ ਲਈ ਪੂਰੀ ਮੱਦਦ ਕਰੇਗਾ ਅਤੇ ਦੋ ਸਾਲ ਤੱਕ ਸਰਕਾਰ ਦੇ ਖਜ਼ਾਨੇ `ਤੇ ਕਿਸੇ ਵੀ ਕਿਸਮ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਇਹ ਵਿਸ਼ਵਾਸ਼ ਵੀ ਦਿਵਾਇਆ ਗਿਆ ਹੈ ਕਿ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਹਿੰਦੂ-ਸਿੱਖ, ਭਵਿੱਖ `ਚ ਨਿਊਜ਼ੀਲੈਂਡ ਦੀ ਤਰੱਕੀ `ਚ ਸਹਾਈ ਹੋਣਗੇ।

ਜਿ਼ਕਰਯੋਗ ਹੈ ਕਿ ਨਿਊਜੀਲੈਂਡ ਦੇ ਹਿੰਦੂ-ਸਿੱਖ ਭਾਈਚਾਰੇ ਨੇ ਪਿਛਲੇ ਕਾਫੀ ਸਮੇਂ ਤੋਂ ਅਫ਼ਗਾਨ `ਚ ਵਸਦੇ 10 ਹਿੰਦੂ-ਸਿੱਖ ਪਰਿਵਾਰਾਂ ਨੂੰ ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ ਤਹਿਤ ਨਿਊਜ਼ੀਲੈਂਡ ਲਿਆਉਣ ਲਈ ਕਈ ਮਹੀਨੇ ਪਹਿਲਾਂ ਤਜਵੀਜ਼ ਸੌਂਪੀ ਸੀ, ਜੋ ਅਜੇ ਤੱਕ ਸਰਕਾਰ ਨੇ ਠੰਡੇ ਬਸਤੇ `ਚ ਪਾਈ ਹੋਈ ਹੈ।

Related posts

ਡੇਰਾ ਮੁਖੀ ਰਾਮ ਰਹੀਮ ਦੀ ਫਰਲੋ ‘ਤੇ SGPC ਨੇ ਕਿਹਾ, ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ ਭਾਜਪਾ

On Punjab

ਭਾਰਤੀ ਮੂਲ ਦੀ ਰਾਜਨਾਇਕ ਉਜਰਾ ਨੂੰ ਬਣਾਇਆ ਤਿੱਬਤੀ ਮਾਮਲਿਆਂ ਦਾ ਵਿਸ਼ੇਸ਼ ਕੋਆਰਡੀਨੇਟਰ, ਦਲਾਈਲਾਮਾ ਤੇ ਚੀਨੀ ਸਰਕਾਰ ਵਿਚਾਲੇ ਕਰਵਾਏਗੀ ਸਮਝੌਤਾ ਵਾਰਤਾ

On Punjab

ਨਹੀਂ ਰੁਕ ਰਹੀਆਂ ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ, ਹੁਣ Pittsburgh ਸ਼ਹਿਰ ‘ਚ ਅੰਨ੍ਹੇਵਾਹ ਗੋਲੀਬਾਰੀ, 2 ਦੀ ਮੌਤ, 11 ਜ਼ਖ਼ਮੀ

On Punjab