ਇਨ੍ਹਾਂ ਦਿਨਾਂ ’ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਇਕ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ। ਜਿਸ ’ਚ ਇਕ ਸੀਆਈਐੱਸਐੱਫ ਅਧਿਕਾਰੀ ਏਅਰਪੋਰਟ ਦੇ ਅੰਦਰ ਜਾਣ ਤੋਂ ਪਹਿਲਾਂ ਭਾਈਜਾਨ ਦੀ ਚੈਕਿੰਗ ਕਰਦਾ ਦਿਖ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਖ਼ਬਰ ਆਈ ਕਿ ਸਲਮਾਨ ਦੀ ਚੈਕਿੰਗ ਕਰਨ ਤੋਂ ਬਾਅਦ ਇਕ ਪ੍ਰੋਟੋਕਾਲ ਨਿਯਮ ਦੀ ਉਲੰਘਣਾ ਕਰਨ ਦੀ ਵਜ੍ਹਾ ਨਾਲ ਅਧਿਕਾਰੀ ਨੂੰ ਸਜ਼ਾ ਦਿੱਤੀ ਗਈ ਹੈ ਤੇ ਉਸ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ।
ਇਸ ਖ਼ਬਰ ਦੇ ਵਾਇਰਲ ਹੋਣ ਤੋਂ ਬਾਅਦ ਖ਼ੁਦ ਸੀਆਈਐੱਸਐਫ ਨੇ ਆਪਣੇ ਆਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕਰ ਕੇ ਇਸ ਨੂੰ ਝੂਠ ਦੱਸਿਆ। ਨਾਲ ਹੀ ਇਹ ਵੀ ਦੱਸਿਆ ਕਿ ਏਐੱਸਆਈ ਸੋਮਨਾਥ ਮੋਹੰਤੀ ਨੂੰ ਸਜ਼ਾ ਨਹੀਂ ਦਿੱਤੀ ਗਈ ਬਲਕਿ ਅਵਾਰਡ ਦਿੱਤਾ ਗਿਅ ਹੈ ਪਰ ਇਹ ਵੀ ਪੂਰਾ ਸੱਚ ਨਹੀਂ ਹੈ, ਹੁਣ ਇਸ ਪੂਰੇ ਮਾਮਲੇ ’ਤੇ ਖ਼ੁਦ ਡੀਆਈਜੀ ਅਨਿਲ ਪਾਂਡੇ ਨੇ ਸੱਚ ਦੱਸਿਆ ਹੈ।
ਟਾਈਮਸ ਆਫ ਇੰਡੀਆ ਨਾਲ ਗੱਲਬਾਤ ’ਚ ਅਨਿਲ ਪਾਂਡੇ ਨੇ ਕਿਹਾ, ‘ਕਿਸੇ ਨੇ ਏਅਰਪੋਰਟ ’ਤੇ ਸਲਮਾਨ ਦਾ ਵੀਡੀਓ ਸ਼ੂਟ ਕਰ ਲਿਆ ਤੇ ਇਹ ਚਰਚਾ ਹੋਣ ਲੱਗੀ ਕਿ ਜਿਸ ਅਧਿਕਾਰੀ ਨੇ ਅਦਾਕਾਰ ਨੂੰ ਰੋਕਿਆ ਸੀ ਉਨ੍ਹਾਂ ਨੇ ਕੋਈ ਟਾਸਕ ਪੂਰਾ ਕਰ ਲਿਆ ਪਰ ਅਜਿਹਾ ਨਹੀਂ ਹੈ ਸੋਮਨਾਥ ਨੇ ਸਲਮਾਨ ਨੂੰ ਪ੍ਰੋਟੋਕਾਲ ਦੇ ਤਹਿਤ ਉਨ੍ਹਾਂ ਦੀ ਚੈਕਿੰਗ ਕਰਨ ਲਈ ਰੋਕਿਆ ਸੀ। ਹਰ ਯਾਤਰੀ ਨੂੰ ਇਸ ਸਿਕਓਰਿਟੀ ਚੈਕਿੰਗ ਤੋਂ ਜਾਣਾ ਪੈਂਦਾ ਹੈ। ਏਐੱਸਆਈ ਨੂੰ ਸਲਮਾਨ ਖ਼ਾਨ ਨੂੰ ਰੋਕਣ ਦੀ ਵਜ੍ਹਾ ਨਾਲ ਕੋਈ ਅਵਾਰਡ ਨਹੀਂ ਦਿੱਤਾ ਗਿਆ ਹੈ, ਬਲਕਿ ਉਨ੍ਹਾਂ ਨੂੰ ਅੰਦਰੂਨੀ ਤੌਰ ’ਤੇ ਬੈਸਟ ਪਰਫਾਰਮਰ ਹੋਣ ਦੇ ਨਾਤੇ ਅਵਾਰਡ ਦਿੱਤਾ ਗਿਆ ਹੈ।’