ਤਾਲਿਬਾਨ (Taliban) ਨੇ ਕਾਬੁਲ ‘ਚ ਪਾਕਿਸਾਤਨ ਵਿਰੋਧੀ ਰੈਲੀ (Anti Pakistan Rally) ‘ਚ ਗੋਲੀਆਂ ਦਾਗੀਆਂ ਹਨ। ਖਬਰਾਂ ਮੁਤਾਬਕ ਪਾਕਿਸਤਾਨ ਦੂਤਘਰ ਦੇ ਬਾਹਰ 70 ਦੇ ਕਰੀਬ ਔਰਤਾਂ ਤੇ ਪੁਰਸ਼ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਹੱਥਾਂ ‘ਚ ਤਖ਼ਤੀਆਂ ਫੜੀ ਇਹ ਲੋਕ ਨਾਅਰੇ ਲਗਾ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਪਾਕਿਸਤਾਨ ਅਫ਼ਗਾਨਿਸਤਾਨ (Afghanistan) ਦੇ ਮਾਮਲਿਆਂ ‘ਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਹਾਲਾਂਕਿ ਪਾਕਿਸਤਾਨੀ ਵਿਰੋਧੀ ਪ੍ਰਦਰਸ਼ਨ ਦੌਰਾਨ ਕਿਸੇ ਪ੍ਰਦਰਸ਼ਨਕਾਰੀ ਦੀ ਮੌਤ ਜਾਂ ਜ਼ਖ਼ਮੀ ਹੋਣ ਦੀ ਫਿਲਹਾਲ ਕੋਈ ਖ਼ਬਰ ਨਹੀਂ ਆਈ ਹੈ। ਅਸਲ ਵਿਚ ਪਾਕਿਸਤਾਨ ਦੀ ਖੁਫਿਆ ਏਜੰਸੀ ਆਈਐੱਸਆਈ ਦੇ ਮੁਖੀ ਫੈਜ਼ ਹਮੀਦ (ISI Chief Faiz Hameed) ਨੇ ਬੀਤੇ ਦਿਨੀਂ ਕਾਬੁਲ ਦਾ ਦੌਰਾ ਕੀਤਾ ਸੀ। ਖਬਰਾਂ ਮੁਤਾਬਕ ਤਾਲਿਬਾਨ ਆਗੂਆਂ ਵਿਚਕਾਰ ਨਵੀਂ ਸਰਕਾਰ ਸਬੰਧੀ ਉਭਰੇ ਮਤਭੇਦਾਂ ਦੌਰਾਨ ਹਮੀਦ ਦਾ ਇਹ ਦੌਰਾ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਇਸ਼ਾਰੇ ‘ਤੇ ਤਾਲਿਬਾਨ ‘ਚ ਕਿਸੇ ਹੋਰ ਆਗੂ ਨੂੰ ਕਮਾਨ ਸੌਂਪੀ ਜਾ ਸਕੀਦ ਹੈ। ਇਨ੍ਹਾਂ ਕਿਆਸਅਰਾਈਆਂ ਵਿਚਕਾਰ ਫਾਇਰਿੰਗ ਦੀ ਇਹ ਘਟਨਾ ਹੋਈ ਹੈ।
ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਪਾਕਿਸਤਾਨੀ ਦਖ਼ਲਅੰਦਾਜ਼ੀ ਨੂੰ ਲੈ ਕੇ ਬੈਨਰਜ਼ ਦੇ ਨਾਲ ਵਿਰੋਧ ਕੀਤਾ। ਇਸ ਦੌਰਾਨ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੇ ਵੀਡੀਓ ਸਾਹਮਣੇ ਆਏ ਹਨ ਜਿਸ ਵਿਚ ਪਾਕਿਸਤਾਨ ਮੁਰਦਾਬਾਦ ਤੇ ਪੰਜਸ਼ੀਰ ਜ਼ਿੰਦਾ ਰਹੇ ਵਰਗੇ ਨਾਅਰੇ ਲਗਾਏ ਗਏ। ਇਸ ਦੌਰਾਨ ਔਰਤਾਂ ਨੇ ਕਿਹਾ, ‘ਕਿਸੇ ਨੂੰ ਵੀ ਪੰਜਸ਼ੀਰ ‘ਚ ਘੁਸਪੈਠ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਉਹ ਤਾਲਿਬਾਨ ਹੋਵੇ ਜਾਂ ਫਿਰ ਪਾਕਿਸਤਾਨ। ਰੈਜਿਸਟੈਂਸ ਫੋਰਸ ਅਮਰ ਰਹੇ।’