ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਕੁਝ ਗ਼ੈਰ-ਰਸਮੀ ਪਲ਼ ਵੀ ਆਏ। ਬਾਇਡਨ ਨੇ ਉਪ ਰਾਸ਼ਟਰਪਤੀ ਦੇ ਰੂਪ ’ਚ ਆਪਣੀ ਮੁੰਬਈ ਯਾਤਰਾ ਨੂੰ ਯਾਦ ਕੀਤਾ ਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਚੁਟਕੀ ਵੀ ਲਈ।
ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਦੋਵੇਂ ਆਗੂ ਆਪਣੀਆਂ ਮੁੱਢਲੀਆਂ ਟਿੱਪਣੀਆਂ ਲਈ ਬੈਠੇ। ਇਸ ਦੌਰਾਨ ਬਾਇਡਨ ਨੇ 1972 ’ਚ ਮਿਲੇ ਇਕ ਪੱਤਰ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਨੂੰ ਮੁੰਬਈ ਤੋਂ ਲਿਖਿਆ ਗਿਆ ਸੀ। ਸੰਯੋਗ ਨਾਲ ਪੱਤਰ ਲਿਖਣ ਵਾਲੇ ਦਾ ਆਖ਼ਰੀ ਨਾਂ ਵੀ ਬਾਇਡਨ ਹੀ ਸੀ। ਅਮਰੀਕੀ ਰਾਸ਼ਟਰਪਤੀ ਨੇ ਇਸ ’ਤੇ ਚੁਟਕੀ ਲੈਂਦੇ ਕਿਹਾ ਕਿ ਭਾਰਤ ’ਚ ਪੰਜ ਬਾਇਡਨ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ’ਤੇ ਕਿਹਾ ਕਿ ਉਹ ਬਾਇਡਨ ਦੀ ਵੰਸ਼ਾਵਲੀ ਦਾ ਹੱਲ ਕਰਨ ਲਈ ਕੁਝ ਦਸਤਾਵੇਜ਼ ਨਾਲ ਲੈ ਕੇ ਆਏ ਹਨ।
ਬਾਇਡਨ ਨੇ ਕਿਹਾ, ਮੈਨੂੰ ਸ਼ਾਇਦ ਇਸ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਰੀਆਂ ਤਿਆਰ ਟਿੱਪਣੀਆਂ ਦਾ ਇਹ ਹਿੱਸਾ ਨਹੀਂ ਹੈ। ਪਰ ਜਦੋਂ ਮੈਂ ਉਪ ਰਾਸ਼ਟਰਪਤੀ ਦੇ ਰੂਪ ’ਚ ਮੁੰਬਈ ਵਿਚ ਸੀ ਤਾਂ ਮੈਂ ਚੈਂਬਰ ਆਫ ਕਾਮਰਸ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਸੀ ਕਿ ਕੀ ਭਾਰਤ ’ਚ ਮੇਰਾ ਕੋਈ ਰਿਸ਼ਤੇਦਾਰ ਹੈ?
ਬਾਇਡਨ ਨੇ ਅੱਗੇ ਕਿਹਾ, ਇਸ ਗੱਲ ਨੂੰ ਲੈ ਕੇ ਮੈਨੂੰ ਪੂਰੀ ਤਰ੍ਹਾਂ ਯਕੀਨ ਤਾਂ ਨਹੀਂ, ਪਰ ਜਦੋਂ 1972 ’ਚ ਮੈਂ ਚੋਣ ਜਿੱਤੀ ਸੀ ਤਾਂ ਸਹੁੰ ਚੁੱਕਣ ਤੋਂ ਪਹਿਲਾਂ ਮੈਨੂੰ ਮੁੰਬਈ ਤੋਂ ਇਕ ਪੱਤਰ ਮਿਲਿਆ। ਪੱਤਰ ਲਿਖਣ ਵਾਲੇ ਦਾ ਆਖ਼ਰੀ ਨਾਂ ਬਾਇਡਨ ਹੀ ਸੀ। ਇਸ ਤੋਂ ਅਗਲੇ ਦਿਨ ਪੱਤਰਕਾਰ ਵਾਰਤਾ ਦੌਰਾਨ ਭਾਰਤੀ ਪੱਤਰਕਾਰਾਂ ਨੇ ਮੈਨੂੰ ਦੱਸਿਆ ਕਿ ਭਾਰਤ ’ਚ ਪੰਜ ਬਾਇਡਨ ਹਨ। ਮੈਨੂੰ ਪਤਾ ਲੱਗਾ ਹੈ ਕਿ ਕੋਈ ਜਾਰਜ ਬਾਇਡਨ ਸਨ, ਜੋ ਭਾਰਤ ’ਚ ਈਸਟ ਇੰਡੀਆ ਚਾਹ ਕੰਪਨੀ ’ਚ ਕੈਪਟਨ ਦੇ ਅਹੁਦੇ ’ਤੇ ਸਨ।