27 ਨਵੰਬਰ, ਫਿਰੋਜ਼ਪੁਰ: ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਕਾਂਦੀਆਂ ਪੰਜਾਬ ਦੇ ਵਲੋਂ ਅਵਾਰਾ ਪਸ਼ੂਆਂ ਨੂੰ ਖੁੱਲਾ ਛੱਡ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਖਿਲਾਫ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਦੱਸ ਦਈਏ ਕਿ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਪਿੰਡ ਫਿਰੋਜ਼ਸ਼ਾਹ ਦੇ ਸਮੂਹ ਕਿਸਾਨਾਂ ਵਲੋਂ ਅਵਾਰਾ ਪਸ਼ੂਆਂ ਨੂੰ ਟਰਾਲੀਆਂ ਵਿਚ ਲੱਦ ਕੇ ਲਿਆ ਕੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਛੱਡ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਜ਼ਿਲ੍ਹਾ ਮੁੱਖ ਸਕੱਤਰ ਗੁਰਬੰਸ ਸਿੰਘ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਤੋਂ ਕਿਸਾਨ ਬਹੁਤ ਜ਼ਿਆਦਾ ਦੁਖੀ ਹਨ। ਉਨ੍ਹਾਂ ਦੱਸਿਆ ਕਿ ਪਹਿਲੋਂ ਜਿਥੇ ਕਿਸਾਨ ਆਪਣੀਆਂ ਫਸਲਾਂ ਦੀ ਰਾਖੀ ਮੋਟਰਾਂ ‘ਤੇ ਕਰਦੇ ਸਨ, ਪਰ ਹੁਣ ਪਸ਼ੂਆਂ ਦੇ ਚਾਰੇ, ਕਣਕ ਆਦਿ ਫਸਲਾਂ ਦੀ ਰਾਖੀ ਰਾਤ ਨੂੰ ਖੇਤਾਂ ਵਿਚ ਮੰਜ਼ਾ ਢਾਹ ਕੇ ਕਰਦੇ ਹਨ। ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਅਤੇ ਪੱਠਿਆਂ ਦਾ ਰੋਜ਼ਾਨਾਂ ਹੀ ਉਜ਼ਾੜਾ ਕਰ ਰਹੇ ਹਨ, ਜਿਸ ਦੇ ਕਾਰਨ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫਿਰ ਰਿਹਾ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਅਵਾਰਾ ਪਸ਼ੂ ਫੜ ਕੇ ਸੁੱਤੇ ਹੋਏ ਪ੍ਰਸਾਸ਼ਨ ਨੂੰ ਜਗਾਉਣ ਵਾਸਤੇ ਅਵਾਰਾ ਪਸ਼ੂਆਂ ਨੂੰ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਛੱਡਿਆ ਗਿਆ ਹੈ ਤਾਂ ਕਿ ਇਨ੍ਹਾਂ ਦੀ ਸੰਭਾਂਲ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਤੋਂ ਗਊਂ ਅਸੈਂਸ ਤਾਂ ਲੈ ਰਹੀ ਹੈ, ਪਰ ਅਵਾਰਾ ਪਸ਼ੂਆਂ ਨੂੰ ਨਹੀਂ ਸਾਂਭ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਫਿਰੋਜ਼ਪੁਰ ਅੰਦਰ 80 ਏਕੜ ਜ਼ਮੀਨ ਗਊਆਂ ਸਾਂਭਣ ਵਾਸਤੇ ਹੀ ਹੈ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਇਸ ਗਊਆਂ ਦੀ ਜ਼ਮੀਨ ਦਾ ਠੇਕਾ ਲੈ ਕੇ ਖਾ ਰਹੇ ਹਨ ਅਤੇ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ‘ਤੇ ਭਾਰਤੀ ਕਿਸਾਨ ਯੂਨੀਅਨ ਕਾਂਦੀਆਂ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ, ਬਲਜੀਤ ਸਿੰਘ, ਰਜਿੰਦਰ ਪਾਲ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ ਅਤੇ ਹੋਰ ਵੀ ਸੈਂਕੜੇ ਕਿਸਾਨ ਹਾਜ਼ਰ ਸਨ।
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗ