ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਇਸੇ ਸਾਲ ਵਰਚੁਅਲ ਮੀਟਿੰਗ ਕਰਨਗੇ। ਦੋਵੇਂ ਦੇਸ਼ਾਂ ਦੇ ਪ੍ਰਸ਼ਾਸਨ ਦਰਮਿਆਨ ਇਸ ਮੁਲਾਕਾਤ ਲਈ ਵੀਰਵਾਰ ਨੂੰ ਸਹਿਮਤੀ ਬਣੀ। ਇਸ ਤੋਂ ਪਹਿਲਾਂ ਦੋਵਾਂ ਰਾਸ਼ਟਰਪਤੀਆਂ ਨੇ ਬੁੱਧਵਾਰ ਨੂੰ ਤਾਇਵਾਨ ਦੇ ਮਸਲੇ ’ਤੇ ਟੈਲੀਫੋਨ ’ਤੇ ਵਾਰਤਾ ਕੀਤੀ ਸੀ ਤੇ ਤਾਇਵਾਨ ਨੂੰ ਲੈ ਕੇ ਸਥਿਤੀ ਉਵੇਂ ਕਾਇਮ ਰੱਖਣ ’ਤੇ ਸਹਿਮਤੀ ਪ੍ਰਗਟਾਈ ਸੀ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਤਾਕਤਾਂ ਦਰਮਿਆਨ ਤਣਾਅ ਘੱਟ ਕਰਨ ਲਈ ਸਿਖਰਲੇ ਪੱਧਰ ’ਤੇ ਸੰਵਾਦ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਸਿਖਰ ਵਾਰਤਾ ਦੀ ਇਹ ਸਹਿਮਤੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਸ਼ਹਿਰ ’ਚ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਜੈਕ ਸੁਲੀਵਾਨ ਤੇ ਚੀਨ ਦੇ ਸਿਖਰਲੇ ਸਫੀਰ ਯਾਂਗ ਜਿਏਚੀ ਦਰਮਿਆਨ ਗੱਲਬਾਤ ’ਚ ਬਣੀ ਹੈ। ਦੋਵਾਂ ਉੱਚ ਅਧਿਕਾਰੀਆਂ ਦਰਮਿਆਨ ਇਹ ਐਮਰਜੈਂਸੀ ਬੈਠਕ ਤਾਇਵਾਨ ਨੂੰ ਲੈ ਕੇ ਪੈਦਾ ਹੋਏ ਤਣਾਅ ’ਤੇ ਵਾਰਤਾ ਲਈ ਹੋਈ ਸੀ। ਚੀਨ ਦੇ ਜੰਗੀ ਜਹਾਜ਼ਾਂ ਨੇ ਹਾਲ ਹੀ ਦੇ ਕੁਝ ਦਿਨਾਂ ’ਚ ਤਾਇਵਾਨ ਦੀ ਹਵਾਈ ਹੱਦ ਦੀ 150 ਵਾਰ ਤੋਂ ਜ਼ਿਆਦਾ ਉਲੰਘਣਾ ਕੀਤੀ ਸੀ। ਵ੍ਹਾਈਟ ਹਾਊਸ ਮੁਤਾਬਕ ਸੁਲੀਵਾਨ ਨੇ ਗੱਲਬਾਤ ’ਚ ਦੱਖਣੀ ਚੀਨ ਸਾਗਰ ਤੇ ਹਾਂਗਕਾਂਗ ਤੇ ਸ਼ਿਨਜਿਆਂਗ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਸਲਾ ਵੀ ਉਠਾਇਆ। ਛੇ ਘੰਟੇ ਚੱਲੀ ਇਸ ਵਾਰਤਾ ਨੂੰ ਦੋਵਾਂ ਦੇਸ਼ਾਂ ਨੇ ਸਕਾਰਾਤਮਕ ਦੱਸਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਾਫ਼ ਕਿਹਾ ਹੈ ਕਿ ਤਾਇਵਾਨ ਨੂੰ ਲੈ ਕੇ ਉਸ ਦੀ ਨੀਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ। ਉਹ ਤਾਇਵਾਨ ਨਾਲ ਖਡ਼੍ਹਾ ਹੈ।
ਰਾਸ਼ਟਰਪਤੀ ਦੇ ਤੌਰ ’ਤੇ ਜੋਅ ਬਾਇਡਨ ਦੀ ਸ਼ੀ ਜਿਨਪਿੰਗ ਨਾਲ ਪਹਿਲੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਅਕਤੂਬਰ ’ਚ ਇਟਲੀ ’ਚ ਹੋਈ ਜੀ-20 ਦੇਸ਼ਾਂ ਦੀ ਬੈਠਕ ’ਚ ਦੋਵਾਂ ਆਗੂਆਂ ਦੀ ਮੁਲਾਕਾਤ ਸੰਭਾਵਿਤ ਸੀ ਪਰ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਜਿਨਪਿੰਗ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਸੀ।