ਅਮਰੀਕਾ ਰਾਸ਼ਟਰਪਤੀ ਜੋ ਬਾਈਡਨ ਨੇ ਗਲਾਸਗੋ ’ਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਕਾਪ-26 ਜਲਵਾਯੂ ਸੰਮੇਲਨ ’ਚ ਹਿੱਸਾ ਨਾ ਲੈਣ ਵਾਲੇ ਚੀਨ ਤੇ ਰੂਸ ਦੇ ਆਗੂਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ’ਚ ਕਰਵਾਏ ਜਾ ਰਹੇ ਸੰਮੇਲਨ ’ਚ 120 ਤੋਂ ਜ਼ਿਆਦਾ ਆਗੂਆਂ ਨੇ ਹਿੱਸਾ ਲਿਆ। ਬੀਬੀਸੀ ਮੁਤਾਬਕ ਮੰਗਲਵਾਰ ਦੀ ਰਾਤ ਆਪਣੇ ਭਾਸ਼ਣ ’ਚ ਬਾਈਡਨ ਨੇ ਕਿਹਾ ਕਿ ਜਲਵਾਯੂ ਵੱਡਾ ਮੁੱਦਾ ਹੈ ਤੇ ਇਸ ਨਾਲ ਡੂੰਘੇ ਤੌਰ ’ਤੇ ਜੁੜੇ ਚੀਨ ਤੇ ਰੂਸ ਨੇ ਇਸ ਤੋਂ ਦੂਰੀ ਬਣਾ ਲਈ। ਸੰਮੇਲਨ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਮੌਜੂਦ ਨਹੀਂ ਸਨ। ਹਾਲਾਂਕਿ ਦੋਵਾਂ ਦੇਸ਼ਾਂ ਨੇ 12 ਨਵੰਬਰ ਤਕ ਚੱਲਣ ਵਾਲੇ ਇਸ ਸੰਮੇਲਨ ’ਚ ਆਪਣਾ ਪ੍ਰਤੀਨਿਧੀ ਮੰਡਲ ਭੇਜਿਆ ਹੈ।
ਅਮਰੀਕਾ ਤੋਂ ਬਾਅਦ ਚੀਨ ਦੁਨੀਆ ਦੇ ਦੂਜਾ ਤੇ ਯੂਰਪੀ ਯੂਨੀਅਨ ਤੇ ਭਾਰਤ ਤੋਂ ਬਾਅਦ ਰੂਸ ਪੰਜਵਾਂ ਸਭ ਤੋਂ ਜ਼ਿਆਦਾ ਕਾਰਬਨ ਪੈਦਾ ਕਰਨ ਵਾਲਾ ਦੇਸ਼ ਹੈ। ਬਾਈਡਨ ਦੇ ਭਾਸ਼ਣ ਤੋਂ ਪਹਿਲਾਂ ਪੁਤਿਨ ਨੇ ਜੰਗਲਾਤ ਪ੍ਰਬੰਧਨ ’ਤੇ ਵਰਚੂਅਲ ਤਰੀਕੇ ਨਾਲ ਸੰਬੋਧਨ ਕੀਤਾ। ਇਸ ਦੌਰਾਨ ਪੁਤਿਨ ਨੇ ਕਿਹਾ ਕਿ ਜੰਗਲ ਤੇ ਜੰਗਲਾਂ ਹੇਠ ਖੇਤਰ ਦੀ ਸੁਰੱਖਿਆ ਲਈ ਰੂਸ ਬਹੁਤ ਹੀ ਪ੍ਰਭਾਵੀ ਕਦਮ ਚੁੱਕ ਰਿਹਾ ਹੈ। ਬੀਬੀਸੀ ਮੁਤਾਬਕ ਚੀਨ, ਰੂਸ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਦੀ ਭੂਮਿਕਾ ਦੇ ਸਬੰਧ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਭਾਵੇਂ ਦੁਨੀਆ ਦਾ ਆਗੂ ਬਣਨ ਦੀ ਇੱਛਾ ਰੱਖਦਾ ਹੋਵੇ ਪਰ ਉਸ ਦਾ ਕੰਮ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸੰਮੇਲਨ ’ਚ ਚਿਨਫਿੰਗ ਦੀ ਗ਼ੈਰ ਮੌਜੂਦਗੀ ਇਕ ਵੱਡੀ ਭੁੱਲ ਹੈ। ਬਾਈਡਨ ਨੇ ਪੁਤਿਨ ਲਈ ਵੀ ਇਸੇ ਤਰ੍ਹਾਂ ਹੀ ਕਿਹਾ। ਉਨ੍ਹਾਂ ਕਿਹਾ ਕਿ ਰੂਸ ਦਾ ਜੰਗਲ ਅੱਗ ਨਾਲ ਸੜ ਰਿਹਾ ਹੈ ਤੇ ਉਸ ਦੇ ਰਾਸ਼ਟਰਪਤੀ ਚੁੱਪੀ ਬਣਾਏ ਬੈਠੇ ਹਨ।