ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ ਖ਼ਿਲਾਫ਼ ਜਿੱਤ ਦੇ ਬਾਵਜੂਦ ਟੀ-20 ਵਿਸ਼ਵ ਕੱਪ ’ਚੋਂ ਬਾਹਰ ਹੋ ਗਈ ਕਿਉਂਕਿ ਉਸ ਦੀ ਟੀਮ ਨੈੱਟ ਰਨ ਰੇਟ ਦੇ ਆਧਾਰ ’ਤੇ ਇੰਗਲੈਂਡ ਤੇ ਆਸਟ੍ਰੇਲੀਆ ਤੋਂ ਪੱਛੜ ਗਈ ਤੇ ਗਰੁੱਪ ਵਿਚ ਤੀਜੇ ਸਥਾਨ ’ਤੇ ਰਹੀ। ਮੈਚ ਵਿਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸ਼ਾਰਜਾਹ ਵਿਚ ਦੱਖਣੀ ਅਫਰੀਕਾ ਦੀ ਟੀਮ ਤੈਅ 20 ਓਵਰਾਂ ’ਚ ਦੋ ਵਿਕਟਾਂ ’ਤੇ 189 ਦੌੜਾਂ ਬਣਾਉਣ ’ਚ ਕਾਮਯਾਬ ਰਹੀ। ਇੰਗਲੈਂਡ ਨੂੰ ਪਹਿਲੀ ਕਾਮਯਾਬੀ ਮੋਇਨ ਅਲੀ ਨੇ ਹੈਂਡਿ੍ਰਕਸ (02) ਨੂੰ ਆਊਟ ਕਰ ਕੇ ਦਿਵਾਈ ਹਾਲਾਂਕਿ ਇਸ ਤੋਂ ਬਾਅਦ ਕਵਿੰਟਨ ਡਿਕਾਕ (34) ਤੇ ਰੇਸੇ ਵੇਨ ਡੇਰ ਡੁਸੈਨ (ਅਜੇਤੂ 94) ਨੇ ਪਾਰੀ ਨੂੰ ਸੰਭਾਲਿਆ। ਉਨ੍ਹਾਂ ਤੋਂ ਇਲਾਵਾ ਏਡਨ ਮਾਕਰੈਮ ਨੇ ਵੀ ਅਜੇਤੂ 52 ਦੌੜਾਂ ਬਣਾਈਆਂ। ਜਵਾਬ ’ਚ ਇੰਗਲੈਂਡ ਦੀ ਟੀਮ ਕੈਗਿਸੋ ਰਬਾਦਾ ਵੱਲੋਂ ਆਖ਼ਰੀ ਓਵਰਾਂ ’ਚ ਬਣਾਈ ਗਈ ਹੈਟ੍ਰਿਕ ਕਾਰਨ 20 ਓਵਰਾਂ ’ਚ ਅੱਠ ਵਿਕਟਾਂ ’ਤੇ 179 ਦੌੜਾਂ ਹੀ ਬਣਾ ਸਕੀ ਤੇ 10 ਦੌੜਾਂ ਨਾਲ ਮੈਚ ਹਾਰ ਗਈ।