ਪੰਜਾਬ ਅਤੇ ਹਰਿਆਣਾ ਦੇ ਜਿ਼ਆਦਾਤਰ ਹਿੱਸਿਆਂ `ਚ ਠੰਢ ਦੀ ਲਹਿਰ ਤੇਜ਼ ਹੋ ਗਈ ਹੈ ਜਦਕਿ ਪੰਜਾਬ `ਚ ਆਦਮਪੁਰ ਸ਼ਹਿਰ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ 1.7 ਡਿਗਰੀ ਸੈਲਸੀਅਸ ਪੁੱਜ ਗਿਆ ਹੈ। ਜਿਸ ਕਾਰਨ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਟੁੱਟ ਗਏ ਹਨ।
ਹਰਿਆਣਾ ਦੇ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਦੇ ਹਿਸਾਰ ਸ਼ਹਿਰ ਵਿਚ ਸਭ ਤੋਂ ਠੰਢਾ ਇਲਾਕਾ 0.3 ਡਿਗਰੀ ਸੀ ਜਦਕਿ ਪੰਜਾਬ ਚ ਸਿੱਖਾਂ ਦੀ ਗੁਰੂਨਗਰੀ ਅੰਮ੍ਰਿਤਸਰ ਦੇ ਸ਼ਹਿਰ ਦਾ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਫਰੀਦਕੋਟ ਤੇ ਪਠਾਨਕੋਟ ਸ਼ਹਿਰਾਂ ਚ ਕ੍ਰਮਵਾਰ 0.4 ਅਤੇ 1.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਨਾਰਨੌਲ ਅਤੇ ਰੋਹਤਕ ਚ 0.7 ਤੇ 2.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦਕਿ ਕਰਨਾਲ ਸ਼ਹਿਰ ਚ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਸੀ। ਕਈ ਥਾਵਾਂ ਖਾਸ ਕਰਕੇ ਹਾਈਵੇ ਸੰਘਣੇ ਕੋਹਰੇ ਦੇ ਸਿ਼ਕਾਰ ਬਣੇ ਹੋਏ ਹਨ। ਦੋਵੇਂ ਸੂਬਿਆਂ ਚ ਧੁੰਦ ਕਾਰਨ ਸੜਕ ਅਤੇ ਰੇਲ ਟ੍ਰੈਫਿ਼ਕ ਪ੍ਰਭਾਵਿਤ ਹੋਏ ਹਨ।
ਪੁਲਿਸ ਨੇ ਕਿਹਾ ਹੈ ਕਿ ਸੰਘਣੀ ਧੁੰਦ ਦਾ ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਸ਼ਨਿੱਚਵਾਰ ਦੀ ਸਵੇਰ ਨੂੰ ਚੰਡੀਗੜ੍ਹ-ਅੰਬਾਲਾ ਹਾਈਵੇ `ਤੇ ਦੋ ਕਾਰਾਂ ਨੂੰ ਕੋਈ ਅਣਪਛਾਤਾ ਭਾਰੀ ਵਾਹਨ ਟੱਕਰ ਮਾਰ ਗਿਆ ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ।
ਚੰਡੀਗੜ੍ਹ ਚ ਸ਼ਨਿੱਚਰਵਾਰ ਨੂੰ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਜਿ਼ਆਦਾਤਰ ਥਾਵਾਂ `ਤੇ ਘੱਟ ਤੋਂ ਘੱਟ ਤਾਪਮਾਨ 1 ਤੋਂ 5 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ਤੇ ਪਟਿਆਲਾ ਚ ਕ੍ਰਮਵਾਰ ਤਾਪਮਾਨ 2.7 ਤੇ 4.6 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਜਿ਼ਆਦਾਤਰ ਹਿੱਸਿਆਂ ਚ ਅਗਲੇ ਦੋ ਦਿਨਾਂ ਲਈ ਠੰਢੀਆਂ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 96 ਘੰਟਿਆਂ ਲਈ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਕੁਝ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।