ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਤਰਥੱਲੀ ਮਚੀ ਹੋਈ ਹੈ। ਦੁਨੀਆ ਭਰ ਵਿਚ ਇਸ ਨਵੇਂ ਵੇਰੀਐਂਟ ਦੇ 100 ਤੋਂ ਵੱਧ ਮਾਮਲੇ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਓਮੀਕ੍ਰੋਨ ਵਿਚ ਡੈਲਟਾ ਵੇਰੀਐਂਟ ਦੇ ਮੁਕਾਬਲੇ ਦੋਗੁਣਾ ਤੇਜ਼ੀ ਨਾਲ ਮਿਊਟੈਸ਼ਨ (mutation) ਹੋ ਰਿਹਾ ਹੈ। ਵਿਸ਼ਵ ਵਿਚ ਹੁਣ ਤਕ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਭ ਤੋਂ ਵੱਧ 13 ਮਾਮਲੇ ਨੀਦਰਲੈਂਡ ਵਿਚ ਪਾਏ ਗਏ ਹਨ। ਇਸ ਤੋਂ ਇਲਾਵਾ ਜਰਮਨੀ, ਇਟਲੀ , ਬੈਲਜੀਅਮ, ਇਜ਼ਰਾਈਲ, ਹਾਂਗਕਾਂਗ ਵਿੱਚ ਵੀ ਓਮੀਕਰੋਨ ਨਾਲ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਡਬਲਯੂਐੱਚਓ ਦੇ ਮੁਖੀ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਪਹਿਲਾਂ ਗੰਭੀਰ ਬਿਮਾਰੀਆਂ ਵਾਲੇ ਲੋਕਾਂ, ਸਿਹਤ ਕਰਮਚਾਰੀਆਂ ਤੇ ਬਜ਼ੁਰਗਾਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿਚ ਟੀਕਾਕਰਨ ਦੀ ਚੰਗੀ ਮਾਤਰਾ ਹੋਈ ਹੈ, ਉੱਥੇ ਕੋਰੋਨਾ ਇਨਫੈਕਸ਼ਨ ਤੇ ਕਰੋਨਾ ਤੋਂ ਪੀੜਤ ਲੋਕਾਂ ਦੀ ਮੌਤ ਦੇ ਮਾਮਲਿਆਂ ਨੂੰ ਸਪੱਸ਼ਟ ਅੰਤਰ ਦੇਖਿਆ ਜਾ ਸਕਦਾ ਹੈ।ਦੱਸਣਯੋਗ ਹੈ ਕਿ ਹਾਲ ਹੀ ਵਿਚ ਕੋਰੋਨਾ ਵਾਇਰਸ ਦਾ ਨਵਾਂ ਓਮੀਕ੍ਰੋਨ ਵੇਰੀਐਂਟ ਪੂਰੀ ਦੁਨੀਆ ਵਿਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਵੇਰੀਐਂਟ ਨੂੰ ਹੁਣ ਤਕ ਦਾ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਓਮੀਕ੍ਰੋਨ ਦੇ ਖਤਰੇ ਨੂੰ ਦੇਖਦੇ ਹੋਏ ਦੁਨੀਆ ਭਰ ‘ਚ ਵੱਖ-ਵੱਖ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਹੈ।