ਨਾਪਾਕ ਪਾਕਿਸਤਾਨ ’ਚ ਈਸ਼ ਨਿੰਦਾ ਦੇ ਦੋਸ਼ ’ਚ ਸ੍ਰੀਲੰਕਾਈ ਨਾਗਰਿਕ ਪਿ੍ਅੰਤਾ ਕੁਮਾਰਾ ਨਾਲ ਹੋਏ ਵਹਿਸ਼ੀਪੁਣੇ ਦੀ ਪੋਸਟਮਾਰਟਮ ਰਿਪੋਰਟ ਨੇ ਵੀ ਪੁਸ਼ਟੀ ਕੀਤੀ ਹੈ। ਗੁੱਸੇ ’ਚ ਆਈ ਭੀੜ ਨੇ ਕੁਮਾਰਾ ਨੂੰ ਏਨੀ ਬੇਰਹਿਮੀ ਨਾਲ ਕੁੱਟਿਆ ਸੀ ਕਿ ਉਨ੍ਹਾਂ ਦੀਆਂ ਲਗਪਗ ਸਾਰੀਆਂ ਹੱਡੀਆਂ ਟੁੱਟ ਗਈਆਂ। ਉਨ੍ਹਾਂ ਦਾ ਸਰੀਰ 99 ਫ਼ੀਸਦੀ ਝੁਲਸ ਗਿਆ ਸੀ। ਰਿਪੋਰਟ ਦੱਸਦੀ ਹੈ ਕਿ ਕੁਮਾਰਾ ਦੀ ਮੌਤ ਖੋਪੜੀ ਤੇ ਜਬੜੇ ਦੇ ਟੁੱਟਣ ਕਾਰਨ ਹੋਈ ਸੀ। ਇਸ ਮਾਮਲੇ ’ਚ 124 ਲੋਕਾਂ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫੋਨ ਕਰ ਕੇ ਸ੍ਰੀਲੰਕਾਈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੂੁੰ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੁਮਾਰਾ ਇਕ ਹੁਨਰਮੰਦ ਪੇਸ਼ੇਵਰ ਸਨ।
ਜਿਓ ਨਿਊਜ਼ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਕੁੱਟਮਾਰ ਕਾਰਨ ਕੁਮਾਰਾ ਦੇ ਸਾਰੇ ਮੁੱਖ ਅੰਗ, ਲਿਵਰ, ਪੇਟ ਤੇ ਇਕ ਕਿਡਨੀ ਪ੍ਰਭਾਵਿਤ ਹੋਏ ਸਨ। ਪੂਰੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਦੋਂਕਿ ਰੀੜ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟੀ ਸੀ। ਰਿਪੋਰਟ ਦੱਸਦੀ ਹੈ ਕਿ ਕੁਮਾਰਾ ਦੇ ਇਕ ਪੈਰ ਨੂੰ ਛੱਡ ਕੇ ਸਰੀਰ ਦੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ। ਪੰਜਾਬ ਪੁਲਿਸ ਦੇ ਬੁਲਾਰੇ ਦੇ ਹਵਾਲੇ ਤੋਂ ਜਿਓ ਨਿਊਜ਼ ਨੇ ਦੱਸਿਆ ਕਿ ਕੁਮਾਰਾ ਦੀ ਲਾਸ਼ ਨੂੁੰ ਲਾਹੌਰ ਭੇਜਿਆ ਗਿਆ ਹੈ। ਉੱਥੋਂ ਕੁਮਾਰਾ ਦੀ ਦੇਹ ਨੂੰ ਸੋਮਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਸ੍ਰੀਲੰਕਾ ਭੇਜਿਆ ਜਾਵੇਗਾ। ਕੁਮਾਰਾ ਸਾਲ 2010 ’ਚ ਨੌਕਰੀ ਲਈ ਪਾਕਿਸਤਾਨ ਗਏ ਸਨ ਤੇ 2012 ਤੋਂ ਸਿਆਲ ਕੋਟ ਸਥਿਤ ਕੱਪੜਾ ਫੈਕਟਰੀ ’ਚ ਬਤੌਰ ਮੈਨੇਜਰ ਕੰਮ ਕਰ ਰਹੇ ਸਨ।ਕੁਮਾਰਾ ਦੀ ਪਤਨੀ ਨੇ ਬੀਬੀਸੀ ਨੂੰ ਕਿਹਾ, ‘ਮੈਨੂੰ ਪਤੀ ਦੀ ਹੱਤਿਆ ਦੀ ਜਾਣਕਾਰੀ ਖ਼ਬਰਾਂ ਜ਼ਰੀਏ ਮਿਲੀ। ਮੈਂ ਸ੍ਰੀਲੰਕਾ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਦੋੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਮੇਰੇ ਪਤੀ ਤੇ ਦੋ ਬੱਚਿਆਂ ਨੂੰ ਇਨਸਾਫ਼ ਦਿਵਾਇਆ ਜਾਵੇ।’ ਸ੍ਰੀਲੰਕਾ ਦੀ ਨਿਊਜ਼ ਵਾਇਰ ਵੈੱਬਸਾਈਟ ਨੇ ਦੱਸਿਆ ਕਿ ਮੰਤਰੀ ਨਮਲ ਰਾਜਪਕਸ਼ੇ ਤੇ ਪ੍ਰਸੰਨਾ ਰਾਣਾਤੁੰਗਾ ਨੇ ਕੁਮਾਰਾ ਦੀ ਗਨੇਮੁੱਲਾ ਸਥਿਤ ਰਿਹਾਇਸ਼ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਕੁਮਾਰਾ ਦੀ ਹੱਤਿਆ ਕਾਰਨ ਗੁੱਸੇ ’ਚ ਆਏ ਸ੍ਰੀਲੰਕਾਈ ਵਾਸੀਆਂ ਦੇ ਇਕ ਵੱਡੇ ਸਮੂਹ ਨੇ ਐਤਵਾਰ ਨੁੂੰ ਕੋਲੰਬੋ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ’ਚ ਬੌਧ ਭਿਕਸ਼ੂਆਂ ਦਾ ਸਮੂਹ ਵੀ ਸ਼ਾਮਲ ਸੀ।
ਏਐੱਨਆਈ ਮੁਤਾਬਕ ਅਮਰੀਕਾ ਸਥਿਤ ਹਿਊਮਨ ਰਾਈਟ ਫੋਕਸ ਪਾਕਿਸਤਾਨ (ਐੱਚਆਰਐੱਫਸੀ) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੁਮਾਰਾ ਨੇ ਕਰਮਚਾਰੀ ਨੂੰ ਫੈਕਟਰੀ ’ਚ ਸਫ਼ਾਈ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਘੱਟ ਗਿਣਤੀਆਂ ਖ਼ਿਲਾਫ਼ ਅਜਿਹੀਆਂ ਵਾਰਦਾਤਾਂ ਨਾਲ ਪਾਕਿਸਤਾਨ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਕੁਮਾਰਾ ਨੂੁੰ ਬਚਾਉਣ ਲਈ ਭੀੜ ’ਚ ਕੁੱਦ ਪਿਆ ਸੀ ਸਹਿਯੋਗੀ
ਸਿਆਲਕੋਟ ਸਥਿਤ ਫੈਕਟਰੀ ’ਤੇ ਸ਼ੁੱਕਰਵਾਰ ਨੂੰ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਦੇ ਹਮਾਇਤੀਆਂ ਵੱਲੋਂ ਕੀਤੇ ਗਏ ਹਮਲੇ ਨਾਲ ਜੁੜੀ ਇਕ ਵੀਡੀਓ ਫੁਟੇਜ ’ਚ ਦਿਖਾਈ ਦਿੰਦਾ ਹੈ ਕਿ ਪਿ੍ਰਅੰਤਾ ਨੂੰ ਬਚਾਉਣ ਲਈ ਇਕ ਸਹਿਯੋਗੀ ਭੀੜ ’ਚ ਕੁੱਦ ਗਿਆ ਤੇ ਕੁਝ ਦੇਰ ਤਕ ਲੋਕਾਂ ਨੂੰ ਰੋਕ ਵੀ ਦਿੱਤਾ ਪਰ ਬਾਅਦ ’ਚ ਭੀੜ ਨੇ ਉਨ੍ਹਾਂ ਨੂੰ ਮੁੜ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ। ਇਕ ਹੋਰ ਵਿਅਕਤੀ ਭੀੜ ਨੂੁੰ ਅਪੀਲ ਕਰਦਾ ਹੈ ਕਿ ਪਿ੍ਰਅੰਤਾ ਦੀ ਲਾਸ਼ ਨੂੁੰ ਸਾੜਿਆ ਨਾ ਜਾਵੇ ਪਰ ਲੋਕਾਂ ਨੇ ਉਸ ਨੂੁੰ ਭਜਾ ਦਿੱਤਾ।