ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਮਾਸਕ ਨਾਲ ਚਿਹਰੇ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਇਕ ਨੌਜਵਾਨ ਨੇ 1919 ਦੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ (ਦੂਜੀ) ਦੀ ਹੱਤਿਆ ਕਰਨ ਦਾ ਐਲਾਨ ਕੀਤਾ ਹੈ। ਖ਼ੁਦ ਨੂੰ ਭਾਰਤੀ ਸਿੱਖ ਦੱਸਣ ਵਾਲੇ ਇਸ ਨੌਜਵਾਨ ਨੂੰ ਮਹਾਰਾਣੀ ਦੇ ਵਿੰਡਸਰ ਕੈਸਲ ਮਹਿਲ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਪਿ੍ਰੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਵੀ ਮੌਜੂਦਾ ਸਮੇਂ ਵਿੰਡਸਰ ਕੈਸਲ ’ਚ ਕ੍ਰਿਸਮਸ ਦੀਆਂ ਛੁੱਟੀਆਂ ਬਿਤਾ ਰਹੇ ਹਨ। ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿ ਸੰਨ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ, ਮੁਲਜ਼ਮ ਨੇ ਆਪਣਾ ਨਾਂ ਜਸਵੰਤ ਸਿੰਘ ਚੇਲ ਦੱਸਿਆ ਹੈ। ਇਸ ਦੌਰਾਨ ਮੈਟਰੋਪੋਲਿਟਨ ਪੁਲਿਸ ਨੇ ਬਿਨਾਂ ਨਾਂ ਲਏ ਕਿਹਾ ਕਿ 19 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨਸਿਕ ਰੋਗਾਂ ਦੇ ਹਸਪਤਾਲ ਭੇਜਿਆ ਗਿਆ ਹੈ। ਗਿ੍ਫ਼ਤਾਰ ਕੀਤੇ ਗਏ ਸ਼ੱਕੀ ਦੀ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਬਰਤਾਨੀਆ ਦੇ ਮਾਨਸਿਕ ਸਿਹਤ ਕਾਨੂੰਨ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ। ਪੁਲਿਸ ਉਸ ਦੇ ਸਾਊਥੈਂਪਟਨ ਸਥਿਤ ਘਰ ਦੀ ਜਾਂਚ ਕਰ ਰਹੀ ਹੈ, ਜਿੱਥੇ ਕਥਿਤ ਤੌਰ ’ਤੇ ਉਹ ਪਰਿਵਾਰ ਨਾਲ ਰਹਿੰਦਾ ਹੈ। ਸਕਾਟਲੈਂਡ ਯਾਰਡ ਦੇ ਅਧਿਕਾਰੀ ਵਿੰਡਸਰ ਕੈਸਲ ਤੋਂ ਕ੍ਰਿਸਮਸ ਦੇ ਦਿਨ ਤੀਰ-ਕਮਾਨ ਦੇ ਨਾਲ ਗਿ੍ਰਫ਼ਤਾਰ ਕੀਤੇ ਗਏ ਨੌਜਵਾਨ ਨਾਲ ਜੁੜੇ ਵੀਡੀਓ ਦੀ ਜਾਂਚ ਕਰ ਰਹੇ ਹਨ।
ਗਿ੍ਫ਼ਤਾਰੀ ਦੇ 24 ਮਿੰਟ ਪਹਿਲਾਂ ਇੰਟਰਨੈੱਟ ਮੀਡੀਆ ’ਤੇ ਪਾਇਆ ਵੀਡੀਓ
ਪੁਲਿਸ ਨੂੰ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗਿ੍ਰਫ਼ਤਾਰੀ 24 ਮਿੰਟ ਪਹਿਲਾਂ ਸਨੈਪਚੈਟ ’ਤੇ ਵੀਡੀਓ ਅਪਲੋਡ ਕੀਤਾ ਸੀ। ‘ਸਟਾਰ ਵਾਰਸ’ ਫਿਲਮ ਦੇ ਕਿਰਦਾਰ ਵਾਂਗ ਮਾਸਕ ਤੇ ਹੁੱਡ ਵਾਲੀ ਜੈਕਟ ਪਾ ਕੇ ਮੁਲਜ਼ਮ ਨੇ ਵੀਡੀਓ ਸੰਦੇਸ਼ ’ਚ ਕਿਹਾ, ‘ਮੈਂ ਭਾਰਤੀ ਸਿੱਖ ਹਾਂ। ਮੇਰਾ ਨਾਂ ਜਸਵੰਤ ਸਿੰਘ ਚੇਲ ਹੈ।… ਮੇਰੀ ਮੌਤ ਨੇੜੇ ਹੈ। ਜੇਕਰ ਤੁਹਾਨੂੰ ਇਹ ਵੀਡੀਓ ਮਿਲੇ ਤਾਂ ਇਸ ਨੂੰ ਦਿਲਚਸਪੀ ਰੱਖਣ ਵਾਲੇ ਲੋਕਾਂ ਤਕ ਪਹੁੰਚਾਓ… ਮੈਂ ਜੋ ਕੀਤਾ ਤੇ ਜੋ ਕਰਨ ਜਾ ਰਿਹਾ ਹਾਂ, ਉਸ ਲਈ ਮਾਫ਼ ਕਰਨਾ। ਮੈਂ ਮਹਾਰਾਣੀ ਐਲਿਜ਼ਾਬੈੱਥ ਦੀ ਹੱਤਿਆ ਦੀ ਕੋਸ਼ਿਸ਼ ਕਰਾਂਗਾ। ਇਹ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਹੋਵੇਗਾ, ਜਿੱਥੇ ਲੋਕਾਂ ਨੂੰ ਜਾਤੀ ਆਧਾਰ ’ਤੇ ਮਾਰਿਆ ਤੇ ਬੇਇੱਜ਼ਤ ਕੀਤਾ ਗਿਆ ਸੀ।’ ਅਪ੍ਰੈਲ 2019 ’ਚ ਵਿਸਾਖੀ ਵਾਲੇ ਦਿਨ ਬਰਤਾਨਵੀ ਫ਼ੌਜ ਦੇ ਕਰਨਲ ਰੈਜ਼ੀਨਾਲਡ ਡਾਇਰ ਨੇ ਭਾਰਤੀ ਆਜ਼ਾਦੀ ਘੁਲਾਟੀਆਂ ’ਤੇ ਗੋਲੀਆਂ ਵਰ੍ਹਾਈਆਂ ਸਨ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ।