39.96 F
New York, US
December 12, 2024
PreetNama
ਰਾਜਨੀਤੀ/Politics

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਚੁਣੌਤੀ, ਪੁਲਿਸ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਛੱਡ ਦਿਉ ਸੁਰੱਖਿਆ ਕਵਚ

 ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਕੀਤੀ ਗਈ ਟਿੱਪਣੀ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਪੁਲਿਸ ਨੂੰ ਜ਼ਲੀਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਇਕ ਜਨਤਕ ਪ੍ਰੋਗਰਾਮ ‘ਚ ‘ਪੈਂਟ ਗਿੱਲੀ’ ਪੰਜਾਬ ਪੁਲਿਸ ਦੇ ਅਧਿਕਾਰੀਆਂ ਬਾਰੇ ਦਿੱਤਾ ਗਿਆ ਬਿਆਨ ਮਾਫ਼ੀ ਲਾਇਕ ਨਹੀਂ ਹੈ। ਉਨ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਪਾਰਟੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ।

ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਇਹ ਉਹੀ ਅਧਿਕਾਰੀ ਹਨ ਜੋ ਉਨ੍ਹਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ‘ਤੇ ਤਾਇਨਾਤ ਰਹਿੰਦੇ ਹਨ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਅਜਿਹੀ ਸੋਚ ਹੈ ਤਾਂ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਕਰ ਦੇਣ। ਉਨ੍ਹਾਂ ਕਿਹਾ ਕਿ ਉਹ ਬਿਨਾਂ ਸੁਰੱਖਿਆ ਦੇ ਘੁੰਮ ਕੇ ਇਕ ਦਿਨ ਹੀ ਦਿਖਾ ਦੇਣ, ਕੋਈ ਉਨ੍ਹਾਂ ਨੂੰ ਸਲਾਮ ਵੀ ਨਹੀਂ ਠੋਕੇਗਾ।

ਚੱਢਾ ਨੇ ਕਿਹਾ ਕਿ ਸਿੱਧੂ ਸ਼ਾਇਦ ਇਹ ਭੁੱਲ ਗਏ ਹਨ ਕਿ ਜਿਸ ਪ੍ਰੋਗਰਾਮ ਵਿਚ ਉਹ ਪੰਜਾਬ ਪੁਿਸ ਦੇ ਅਫਸਰਾਂ ਦੀ ‘ਪੈਂਟ ਗਿੱਲੀ’ ਹੋਣ ਸਬੰਧੀ ਬਿਆਨਬਾਜ਼ੀ ਕਰ ਕੇ ਤਾਲੀਆਂ ‘ਠੋਕਣ’ ਦੀ ਗੱਲ ਕਰ ਰਹੇ ਸਨ, ਉੱਥੇ ਉਨ੍ਹਾਂ ਦੀ ਸੁਰੱਖਿਆ ਲਈ 100 ਦੇ ਕਰੀਬ ਪੁਲਿਸ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਡਿਊਟੀ ‘ਤੇ ‘ਸ਼ਹੀਦ’ ਹੋਣ ਵਾਲੇ ਹਰੇਕ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਨੂੰ ਇਕ ਕਰੋੜ ਰੁਪਏ ਦੀ ਨਕਦ ਸਹਾਇਤਾ ਦਿੰਦੀ ਹੈ। ਪੰਜਾਬ ‘ਚ ਵੀ ਸ਼ਹੀਦ ਮੁਲਾਜ਼ਮ ਨੂੰ ਇਹ ਸਨਮਾਨ ਦੇਣ ਦਾ ਐਲਾਨ ਆਪ ਸੁਪਰੀਮੋ ਕੇਜਰੀਵਾਲ ਕਰ ਚੁੱਕੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਟੁੱਟਦੀ ਨਜ਼ਰ ਆ ਰਹੀ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ, ਵੱਡੇ ਮੰਤਰੀ ਆਦਿ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ‘ਚ ਜਾ ਰਹੇ ਹਨ। ਕਾਂਗਰਸ ਪਾਰਟੀ ਅੰਦਰੂਨੀ ਝਗੜਿਆਂ ਕਾਰਨ ਬਰਬਾਦੀ ਦੇ ਕੰਢੇ ‘ਤੇ ਹੈ।

Related posts

‘ਫੋਨ ਨਜ਼ਰਅੰਦਾਜ਼ ਕਰ ਰਹੇ ਸਨ, ਕੰਨ ਖੋਲ੍ਹਣ ਲਈ ਕੀਤੇ ਧਮਾਕੇ…’, ਗੋਲਡੀ ਬਰਾੜ ਨੇ ਲਈ ਚੰਡੀਗੜ੍ਹ ਧਮਾਕੇ ਦੀ ਜ਼ਿੰਮੇਵਾਰੀ

On Punjab

ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵੱਡਾ ਫੈਸਲਾ, ਕੱਚੇ ਮੁਲਾਜ਼ਮ ਹੋਣਗੇ ਪੱਕੇ

On Punjab

ਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?

On Punjab