ਤਜ਼ਰਬੇਕਾਰ ਸਪਿੰਨਰ ਹਰਭਜਨ ਸਿੰਘ ਨੇ ਹਾਲ ਹੀ ’ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।ਭਾਰਤੀ ਕ੍ਰਿਕਟ ਦੇ ਇਸ ਦਿੱਗਜ ਖਿਡਾਰੀ ਨੇ ਅਜੇ ਤਕ ਫੈਸਲਾ ਨਹੀਂ ਕੀਤਾ ਹੈ ਕਿ ਕੀ ਕਰਨਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਸਾਬਕਾ ਭਾਰਤੀ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਸਿਆਸਤ ਵਿਚ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ’ਚ ਕੁਝ ਵੀ ਤੈਅ ਨਹੀਂ ਕੀਤਾ ਹੈ। ਨਾਲ ਹੀ ਕਿਹਾ ਕਿ ਉਹ ਖੇਡ ਨਾਲ ਜੁੜਨਾ ਚਾਹੁੰਦੇ ਹਨ। ਇੱਥੇ ਹਰਭਜਨ ਨੇ ਕਿਹਾ, ‘ਮੈਨੂੰ ਇਹ ਸੋਚਣਾ ਹੋਵੇਗਾ ਕਿ ਮੈਂ ਅੱਗੇ ਕੀ ਕਰਨਾ ਹੈ। ਮੈਂ ਜੋ ਵੀ ਹਾਂ ਖੇਡ ਕਾਰਨ ਹਾਂ। ਮੈਂ ਖੇਡ ਨੂੰ ਜਾਰੀ ਰੱਖਣਾ ਪਸੰਦ ਕਰਾਂਗਾ। ਮੈਂ ਹਮੇਸ਼ਾ ਖੇਡ ਦੇ ਨਾਲ ਰਹਿਣਾ ਚਾਹੁੰਦਾ ਹਾਂ। ਮੈਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਨਾ ਕੁਝ ਕਰਦਾ ਰਹਾਂਗਾ, ਕਿਸੇ ਵੀ ਆਈਪੀਐੱਲ ਟੀਮ ਦਾ ਮੈਂਬਰ ਬਣ ਸਕਦਾ ਹਾਂ, ਕੁਮੈਂਟਰੀ ਕਰਦਾ ਰਹਾਂਗਾ ਜਾਂ ਖੇਡ ਨਾਲ ਜੁੜੇ ਰਹਿਣ ਲਈ ਕੁਝ ਹੋਰ ਕਰਦਾ ਰਹਾਂਗਾ ਪਰ ਕੀ ਮੈਂ ਇਸ ਵੇਲੇ ਸਿਆਸਤ ’ਚ ਆਵਾਂਗਾ ਜਾਂ ਨਹੀਂ? ਮੈਨੂੰ ਇਸ ਬਾਰੇ ਨਹੀਂ ਪਤਾ।’
ਕ੍ਰਿਕਟਕ ਹਰਭਜਨ ਨੇ ਅੱਗੇ ਕਿਹਾ, ‘ਜਦੋਂ ਸਹੀ ਸਮਾਂ ਆਵੇਗਾ, ਮੈਂ ਇਸ ਬਾਰੇ ਫ਼ੈਸਲਾ ਲਵਾਂਗਾ ਤੇ ਦੇਖਾਂਗਾ ਕਿ ਮੇਰੇ ਲਈ ਅੱਗੇ ਵਧਣ ਦਾ ਇਹ ਸਹੀ ਤਰੀਕਾ ਹੈ ਜਾਂ ਨਹੀਂ। ਮੈਨੂੰ ਸਿਆਸਤ ’ਚ ਚੀਜ਼ਾਂ ਦੇ ਦੂਜੇ ਪਾਸੇ ਬਾਰੇ ਯਕੀਨ ਨਹੀਂ ਹੈ। ਇਸ ਲਈ, ਮੈਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਮੈਂ ਸਿਆਸਤ ’ਚ ਸ਼ਾਮਲ ਹੋਣਾ ਚਾਹੁੰਦਾ ਹਾਂ ਜਾਂ ਨਹੀਂ। ਹਾਂ, ਮੈਂ ਗੇਮ ’ਚ ਸ਼ਾਮਲ ਹੋਣਾ ਪਸੰਦ ਕਰਾਂਗਾ। ਮੈਨੂੰ ਇਕ ਸਲਾਹਕਾਰ ਜਾਂ ਟਿੱਪਣੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਮੈਂ ਕ੍ਰਿਕਟ ’ਚ ਕੁਝ ਵੀ ਕਰਨ ਲਈ ਤਿਆਰ ਹਾਂ।
ਜਲੰਧਰ ਦੇ ਇਸ ਖਿਡਾਰੀ ਨੇ ਆਖਰੀ ਵਾਰ ਮਾਰਚ 2016 ’ਚ ਏਸ਼ੀਆ ਕੱਪ ’ਚ ਯੂਏਈ ਦੇ ਖ਼ਿਲਾਫ਼ ਅੰਤਰਰਾਸ਼ਟਰੀ ਮੈਚ ਖੇਡਿਆ ਸੀ ਤੇ ਉਸ ਤੋਂ ਬਾਅਦ ਉਹ ਭਾਰਤ ਲਈ ਦੁਬਾਰਾ ਨਹੀਂ ਖੇਡ ਸਕੇ ਸਨ। ਕਰੀਬ ਪੰਜ ਸਾਲਾਂ ਤੋਂ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ ਵਾਲੇ ਹਰਭਜਨ ਨੂੰ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਭਾਰਤ ਦੀ ਨੁਮਾਇੰਦਗੀ ਕਰ ਸਕਦਾ ਹੈ। ਭਾਰਤ ਦੇ ਸਪਿੰਨਰ ਨੇ ਦੇਸ਼ ਲਈ 103 ਟੈਸਟ, 236 ਵਨਡੇ ਤੇ 28 ਟੀ-20 ਮੈਚ ਖੇਡੇ ਹਨ। ਟੈਸਟ ’ਚ 417 ਵਿਕਟਾਂ, ਸੀਮਤ ਓਵਰਾਂ ਦੀ ਕ੍ਰਿਕਟ ’ਚ 294 ਵਿਕਟਾਂ ਲਈਆਂ।