ਖੋਜ ਖ਼ਬਰ
ਵਿਗਿਆਨੀਆਂ ਨੇ ਇਕ ਵੱਖਰੇ ਤਰ੍ਹਾਂ ਦੇ ਅਧਿਐਨ ’ਚ ਪਤਾ ਲਗਾਇਆ ਹੈ ਕਿ ਤਸਵੀਰਾਂ ਨਾਲ ਜੁੜੀ ਯਾਦਾਸ਼ਤ ਰੈਟੀਨਾ ’ਤੇ ਬਣੀ ਉਨ੍ਹਾਂ ਦੇ ਅਕਸ ਦੇ ਅਕਾਰ ਤੋਂ ਪ੍ਰਭਾਵਿਤ ਹੁੰਦੀ ਹੈ। ਇਹ ਅਧਿਐਨ ‘ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸ ਜਰਨਲ’ ’ਚ ਪ੍ਰਕਾਸ਼ਿਤ ਹੋਇਆ ਹੈ। ਇਜ਼ਰਾਈਲ ਸਥਿਤ ਬਾਰ-ਇਲਾਨ ਯੂਨੀਵਰਸਿਟੀ ਦੇ ਸਕੂਲ ਆਫ ਆਪਟੋਮੇਡੀ ਐਂਡ ਵਿਜ਼ਨ ਸਾਇੰਸ ਤੇ ਗੋਂਡਾ (ਗੋਲਡਸਕਮੀਡ) ਮਲਟੀਡਿਸਪਲਿਨਰੀ ਬ੍ਰੇਨ ਰਿਸਰਚ ਸੈਂਟਰ ਦੇ ਡਾ. ਸ਼ੇਰੋਨ ਗਿਲੀ-ਡੋਟਨ ਦੀ ਅਗਵਾਈ ’ਚ ਹੋਏ ਨਵੇਂ ਅਧਿਐਨ ’ਚ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਰੋਜ਼ਾਨਾ ਦੇ ਆਮ ਵਤੀਰੇ ਦੌਰਾਨ ਛੋਟੀਆਂ ਦੇ ਮੁਕਾਬਲੇ ਵੱਡੀਆਂ ਤਸਵੀਰਾਂ ਨਾਲ ਜੁੜੀ ਯਾਦਾਸ਼ਤ ਬਿਹਤਰ ਹੁੰਦੀ ਹੈ।
ਉਨ੍ਹਾਂ ਦੀ ਧਾਰਨਾ ਇਸ ਤੱਥ ’ਤੇ ਆਧਾਰਿਤ ਸੀ ਕਿ ਵੱਡੀਆਂ ਤਸਵੀਰਾਂ ਨੂੰ ਪ੍ਰਕਿਰਿਆ ’ਚ ਲਿਆਉਣ ਲਈ ਦਿ੍ਰਸ਼ ਪ੍ਰਣਾਲੀ ਨੂੰ ਜ਼ਿਆਦਾ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ। ਇਸ ਖੋਜ ਦਾ ਨਤੀਜਾ ਵੱਖ-ਵੱਖ ਤਰ੍ਹਾਂ ਦੇ ਇਲੈਕਟ੍ਰਾਨਿਕ ਸਕ੍ਰੀਨ ਤੇ ਛੋਟੀ ਬਨਾਮ ਵੱਡੀ ਸਕ੍ਰੀਨ ’ਤੇ ਸੂਚਨਾਵਾਂ ਦੀ ਪ੍ਰੋਸੈਸਿੰਗ ਦੀ ਗੁਣਵੱਤਾ ’ਤੇ ਅਸਰ ਪਵੇਗਾ। ਵਿਗਿਆਨੀਆਂ ਨੇ 182 ਵਿਸ਼ਿਆਂ ’ਤੇ ਵੱਖ-ਵੱਖ ਤਰ੍ਹਾਂ ਦੇ ਸੱਤ ਪ੍ਰਯੋਗ ਕੀਤੇ। ਇਸ ਦੌਰਾਨ ਉਨ੍ਹਾਂ ਵਾਰ-ਵਾਰ ਇਹੀ ਪਾਇਆ ਕਿ ਵੱਡੀ ਤਸਵੀਰ ਸਬੰਧੀ ਯਾਦਾਸ਼ਤ ਛੋਟੀ ਦੇ ਮੁਕਾਬਲੇ ਡੇਢ ਗੁਣਾ ਬਿਹਤਰ ਹੁੰਦੀ ਹੈ। ਡਾ. ਸ਼ੇਰੋਨ ਨੇ ਕਿਹਾ ਕਿ ਦਿਮਾਗ਼ ਦੇ ਜਿਸ ਹਿੱਸੇ ’ਚ ਰੈਟੀਨਾ ਤੋਂ ਪ੍ਰਾਪਤ ਤਸਵੀਰ ਦੀ ਪ੍ਰੋਸੈਸਿੰਗ ਹੁੰਦੀ ਹੈ, ਉਸ ਨੂੰ ਵੱਡੀ ਛਵੀ ਲਈ ਛੋਟੀ ਦੇ ਮੁਕਾਬਲੇ ਜ਼ਿਆਦਾ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਵੱਡੀ ਤਸਵੀਰ ਦੀ ਯਾਦਾਸ਼ਤ ਬਿਹਤਰ ਹੁੰਦੀ ਹੈ। (ਏਐੱਨਆਈ)