ਅਮਰੀਕਾ ਦੇ ਟੈਕਸਾਸ ’ਚ ਭਾਰਤੀ ਮੂਲ ਦੇ ਇਕ 14 ਸਾਲਾ ਲਡ਼ਕੇ ਨਾਲ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਸਦਾ ਵੀਡੀਓ ਵਾਇਰਲ ਹੋਇਆ ਹੈ। ਅਮਰੀਕਾ ’ਚ ਭਾਰਤੀ ਮੂਲ ਦੇ ਚਾਰੋ ਸੰਸਦ ਮੈਂਬਰਾਂ ਨੇ ਇਸ ਘਟਨਾ ਦੀ ਕਰਡ਼ੀ ਨਿੰਦਾ ਕੀਤੀ ਹੈ।
ਇਹ ਘਟਨਾ 11 ਮਈ ਦੀ ਦੱਸੀ ਜਾ ਰਹੀ ਹੈ। ਟੈਕਸਾਸ ਸੂਬੇ ਦੇ ਕੋਪੇਲ ਸ਼ਹਿਰ ਦੇ ਇਕ ਕੋਪੇਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ’ਚ ਭਾਰਤਵੰਸ਼ੀ ਲਡ਼ਕੇ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ ਸੀ। ਇਸਦਾ ਵੀਡੀਓ ਇੰਟਰਨੈੱਟ ਮੀਡੀਆ ’ਤੇ ਖੂਬ ਵਾਇਰਲ ਹੋਈ ਹੈ। ਸਕੂਲ ’ਚ ਹੋਈ ਦਰਿੰਦਗੀ ’ਤੇ ਭਾਰਤਵੰਸ਼ੀ ਸੰਸਦ ਮੈਂਬਰਾਂ ਏਮੀ ਬੇਰਾ, ਰੋਅ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਤੇ ਪ੍ਰਮਿਲਾ ਜੈਪਾਲ ਨੇ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਸਕੂਲ ਨੂੰ ਇਕ ਸਾਂਝਾ ਪੱਤਰ ਲਿਖ ਕੇ ਭਾਰਤੀ-ਅਮਰੀਕੀ ਫਿਰਕੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਦੇ ਮੁਤਾਬਕ ਗੋਰੇ ਵਿਦਿਆਰਥੀ ਵੱਲੋਂ ਭਾਰਤਵੰਸ਼ੀ ਵਿਦਿਆਰਥੀ ਦਾ ਦੇਰ ਤਕ ਗਲਾ ਦਬਾਇਆ ਗਿਆ। ਇਸ ਨਾਲ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸਨ। ਰੋਅ ਖੰਨਾ ਨੇ ਟਵੀਟ ਕਰ ਕੇ ਕਿਹਾ ਕਿ ਮਾਸੂਮ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਸਵੀਕਾਰ ਕਰਨਾ ਲਾਇਕ ਨਹੀਂ ਹੈ।