ਲੱਦਾਖ ਦੇ ਤੁਰਤੁਕ ਸੈਕਟਰ ‘ਚ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 7 ਜਵਾਨ ਸ਼ਹੀਦ ਹੋ ਗਏ, ਜਦਕਿ 19 ਜ਼ਖਮੀ ਹੋ ਗਏ। ਸਾਰਿਆਂ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ‘ਚੋਂ ਕਈ ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਫ਼ੌਜੀਆਂ ਨਾਲ ਭਰਿਆ ਇੱਕ ਟਰੱਕ ਸ਼ਿਓਕ ਨਦੀ ‘ਚ ਡਿੱਗ ਗਿਆ। ਜਵਾਨਾਂ ਦੀ ਇਕ ਟੁਕੜੀ ਟਰੱਕ ‘ਚ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਹਨੀਫ ਸੈਕਟਰ ਦੇ ਅੱਗੇ ਖੇਤਰ ਵੱਲ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ 26 ਫ਼ੌਜੀਆਂ ਦੀ ਟੀਮ ਇਕ ਟਰੱਕ ‘ਚ ਪਰਤਾਪੁਰ ਸਥਿਤ ਟਰਾਂਜ਼ਿਟ ਕੈਂਪ ਤੋਂ ਅੱਗੇ ਜਾ ਰਹੀ ਸੀ। ਹਨੀਫ ਸੈਕਟਰ ਵੱਲ ਜਾ ਰਿਹਾ ਟਰੱਕ ਜਦੋਂ ਥੋਈਆਂ ਤੋਂ ਕਰੀਬ 25 ਕਿਲੋਮੀਟਰ ਦੂਰ ਪਹੁੰਚਿਆ ਤਾਂ ਅਚਾਨਕ ਟਰੱਕ ਡਰਾਈਵਰ ਤੋਂ ਬੇਕਾਬੂ ਹੋ ਗਿਆ ਅਤੇ ਸੜਕ ਤੋਂ ਕਰੀਬ 50-60 ਕਿਲੋਮੀਟਰ ਹੇਠਾਂ ਸ਼ਿਓਕ ਨਦੀ ‘ਚ ਜਾ ਡਿੱਗਾ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਆਸਪਾਸ ਦੇ ਲੋਕਾਂ ਤੇ ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਮਿਲ ਕੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਨਦੀ ਵਿੱਚ ਡਿੱਗੇ ਸਾਰੇ ਜਵਾਨਾਂ ਨੂੰ ਕੱਢ ਲਿਆ ਗਿਆ।ਇਨ੍ਹਾਂ ‘ਚੋਂ 7 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਬਾਕੀ 19 ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਪਹਿਲਾਂ ਪਰਤਾਪੁਰ ਦੇ 403 ਫੀਲਡ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਕੁਝ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਸ਼ਿਫਟ ਕੀਤੇ ਜਾਣ ਦੀ ਵੀ ਸੂਚਨਾ ਹੈ। ਮ੍ਰਿਤਕ ਜਵਾਨਾਂ ਅਤੇ ਜ਼ਖਮੀਆਂ ਦੇ ਨਾਮ ਅਤੇ ਪਤੇ ਅਜੇ ਉਪਲਬਧ ਨਹੀਂ ਹਨ। ਹਾਲਾਂਕਿ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ।ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਅਜੇ ਉਡੀਕ ਹੈ।