ਹਿੰਦ-ਪਾਕਿ ਸਰਹੱਦ ‘ਤੇ ਹੁਸੈਨੀਵਾਲਾ ਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉੱਤਰਾਖੰਡ ਮਹਿਲਾ ਮੰਚ ਦੀਆਂ ਬੀਬੀਆਂ ਪਹੁੰਚੀਆਂ। ਸ਼ਹੀਦਾਂ ਦੀ ਯਾਦਗਾਰ ‘ਤੇ ਖੜ੍ਹੇ ਹੋ ਕੇ ਬੀਬੀਆਂ ਨੇ ਕਸਮਾਂ ਖਾਧੀਆਂ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਨਾਉਣ ਲਈ ਯਤਨ ਜਾਰੀ ਰੱਖਣਗੀਆਂ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਮੰਚ ਦੀ ਪ੍ਰਧਾਨ ਬੀਬੀ ਕਮਲਾ ਪੰਤ ਨੇ ਭਾਰਤ ਦੇ ਸਾਰੇ ਹਾਕਮਾਂ ਨੂੰ ਵਿਦੇਸ਼ੀ ਲੁਟੇਰੇ ਸਾਮਰਾਜੀਆਂ ਦੇ ਦਲਾਲ ਅਤੇ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਸਿਰਫ਼ ਹਿੰਦੁਸਤਾਨ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿੱਚ ਇੰਕਲਾਬ ਲਿਆਉਣ ਦੀ ਅਤੇ ਸ਼ਹੀਦਾਂ ਦੀ ਸੋਚ ਦੇ ਧਾਰਨੀ ਹਨ। ਸਰਹੱਦ ‘ਤੇ ਪਰੇਡ ਵੇਖ ਕੇ ਉਨ੍ਹਾਂ ਟਿੱਪਣੀ ਕੀਤੀ ਕਿ ਜਿਵੇਂ ਸਾਨੂੰ ਜੋਸ਼ ਆਉਂਦਾ ਹੈ ਸਰਹੱਦ ‘ਤੇ ਤਾਇਨਾਤ ਜਵਾਨਾਂ ਦੀ ਪਰੇਡ ਨੂੰ ਵੇਖ ਕੇ ਅਤੇ ਨਾਲ ਹੀ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ ਕਿ ਅੰਗਰੇਜ਼ ਸਾਮਰਾਜ ਸਾਨੂੰ ਪਾੜ ਕੇ ਤਮਾਸ਼ਾ ਦੇਖ ਰਹੇ ਹਨ। ਦੋਹਾਂ ਮੁਲਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਦੇਸ਼ੀ ਤਾਕਤਾਂ ਭਾਰਤ-ਪਾਕਿ ਨੂੰ ਲੜਾ ਕੇ ਹਥਿਆਰ ਵੇਚ ਰਹੇ ਹਨ।
ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਗੁਰਮੀਤ ਜੱਜ ਨੇ ਬੀਬੀਆਂ ਜਥੇ ਨੂੰ ਜੀ ਆਇਆ ਆਖਿਆ ਅਤੇ ਜਲ੍ਹਿਆਂ ਵਾਲਾ ਬਾਗ 13 ਅਪ੍ਰੈਲ 2019 ਨੂੰ ਸ਼ਤਾਬਦੀ ਵਰ੍ਹੇ ਮੌਕੇ ਬੰਗਲਾਦੇਸ਼, ਭਾਰਤ, ਪਾਕਿਸਤਾਨ ਪੀਪਲਜ ਫੋਰਮ ਵੱਲੋਂ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ‘ਤੇ ਇੰਕਲਾਬ ਜ਼ਿੰਦਾਬਾਦ ਦੇ ਗੀਤ ਸਭਨਾ ਨੇ ਮਿਲਕੇ ਗਾਇਆ। ਲੋਕ ਸੰਗਰਾਮ ਮੰਚ ਵੱਲੋਂ ਸਾਥੀ ਹੀਰਾ ਸਿੰਘ ਮੋਗਾ ਨੇ ਵੀ ਸੰਬੋਧਨ ਕੀਤਾ। ਦੱਸ ਦਈਏ ਕਿ ਇਹ ਕਾਫਲਾ ਨਾਹਰੇ ਮਾਰਦਾ ਹੋਇਆ ਜੱਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ।