ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ‘ਚ ਅੱਤਵਾਦੀ ਫੰਡਿੰਗ ਮਾਮਲੇ ‘ਚ PFI ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਐਨਐਸਏ, ਗ੍ਰਹਿ ਸਕੱਤਰ, ਐਨਆਈਏ ਦੇ ਡੀਜੀ ਸਮੇਤ ਅਧਿਕਾਰੀਆਂ ਨੇ ਹਿੱਸਾ ਲਿਆ। ਦੱਸ ਦਈਏ ਕਿ ਟੈਰਰ ਫੰਡਿੰਗ ਮਾਮਲੇ ‘ਚ NIA, ED ਅਤੇ ਸੂਬਾ ਪੁਲਿਸ ਦੀ ਸਾਂਝੀ ਟੀਮ ਨੇ 10 ਤੋਂ ਜ਼ਿਆਦਾ ਸੂਬਿਆਂ ‘ਚ PFI ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ‘ਚ ਹੁਣ ਤੱਕ PFI ਦੇ 100 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੀਐਫਆਈ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਹਨ। ਇਹ ਤਲਾਸ਼ੀ ਉਨ੍ਹਾਂ ਵਿਅਕਤੀਆਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਕੀਤੀ ਜਾਂਦੀ ਹੈ ਜੋ ਅੱਤਵਾਦ ਨੂੰ ਫੰਡ ਦੇਣ, ਸਿਖਲਾਈ ਕੈਂਪ ਆਯੋਜਿਤ ਕਰਨ ਅਤੇ ਪਾਬੰਦੀਸ਼ੁਦਾ ਸੰਗਠਨਾਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਕੱਟੜਪੰਥੀ ਬਣਾਉਣ ਵਿੱਚ ਸ਼ਾਮਲ ਹਨ।
PFI ਦੇ 100 ਤੋਂ ਵੱਧ ਕਾਡਰ ਗ੍ਰਿਫ਼ਤਾਰ
ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਦੇਸ਼ ਭਰ ਦੇ 10 ਸੂਬਿਆਂ ਵਿੱਚ ਇਕ ਵੱਡੀ ਕਾਰਵਾਈ ਵਿੱਚ, ਐਨਆਈਏ, ਈਡੀ ਅਤੇ ਰਾਜ ਪੁਲਿਸ ਨੇ ਪੀਐਫਆਈ ਦੇ 100 ਤੋਂ ਵੱਧ ਕੇਡਰਾਂ ਨੂੰ ਗ੍ਰਿਫਤਾਰ ਕੀਤਾ ਹੈ।” ਜਾਣਕਾਰੀ ਮੁਤਾਬਕ PFI ਦੇ ਦਿੱਲੀ ਮੁਖੀ ਪਰਵੇਜ਼ ਅਹਿਮਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਤੇਲੰਗਾਨਾ, ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਬਿਹਾਰ ਅਤੇ ਹੋਰ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ।
ਕਾਰਵਾਈ ਦਾ ਵਿਰੋਧ
ਜਾਂਚ ਏਜੰਸੀ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਪੀਐਫਆਈ ਅਤੇ ਐਸਡੀਪੀਆਈ ਦੇ ਕਾਰਕੁਨਾਂ ਨੇ ਕਈ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਕਰਨਾਟਕ ਦੇ ਮੰਗਲੁਰੂ ਵਿੱਚ ਪੀਐਫਆਈ ਅਤੇ ਐਸਡੀਪੀਆਈ ਦੇ ਸਮਰਥਕਾਂ ਨੇ ਐਨਆਈਏ ਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਾਲ ਹੀ, ਤਾਮਿਲਨਾਡੂ ਦੇ ਡਿੰਡੁਗਲ ਵਿੱਚ 50 ਤੋਂ ਵੱਧ ਪੀਐਫਆਈ ਕਰਮਚਾਰੀ NIA ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ।