ਮੋਗਾ: 4 ਅਕਤੂਬਰ, 2013 ਨੂੰ ਮੋਗਾ ਵਿਖੇ ਫੋਟੋਗ੍ਰਾਫ਼ੀ ਦਾ ਕੰਮ ਕਰਦੇ ਰਾਜੇਸ਼ ਕੌੜਾ ਨਾਮੀ ਇੱਕ ਵਿਅਕਤੀ ਦੀ ਉਸ ਦੇ ਫੋਟੋ ਸਟੂਡੀਓ ‘ਚ ਹੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਸ਼ਾਮਲ ਪਿਛਲੇ ਦੋ ਸਾਲਾਂ ਤੋਂ ਭਗੌੜਾ ਚੱਲੇ ਆ ਰਹੇ ਨੀਰਜ ਕੁਮਾਰ ਉਰਫ਼ ਗਿੰਨੀ ਵਾਸੀ ਜ਼ੀਰਾ ਨੂੰ ਬੀਤੀ ਰਾਤ ਮੋਗਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਬਿਨਾਂ ਲਾਇਸੈਂਸ ਵਾਲਾ 32 ਬੋਰ ਦਾ ਪਿਸਤੌਲ ਅਤੇ 20 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਅੱਜ ਮੋਗਾ ਪੁਲਿਸ ਨੇ ਉਸ ਨੂੰ ਜੁਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਸ ਨੂੰ ਇੱਕ ਦਿਨਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਸੂਤਰਾਂ ਮੁਤਾਬਕ ਨੀਰਜ ਕੁਮਾਰ, ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ‘ਚ ਘਿਰੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀ. ਏ. ਹੈ।