ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਦਿੱਲੀ ‘ਚ ਰੋਡ ਸ਼ੋਅ ਕਰਨਗੇ। ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸੰਸਦ ਮਾਰਗ ਤੋਂ NDMC ਕੇਂਦਰ ਤੱਕ ਹੋਵੇਗਾ। ਰੋਡ ਸ਼ੋਅ ਵਿੱਚ ਪਾਰਟੀ ਦੇ ਕਈ ਆਗੂ ਸ਼ਿਰਕਤ ਕਰਨਗੇ। ਦਿੱਲੀ ਟ੍ਰੈਫਿਕ ਪੁਲਿਸ ਨੇ ਰੋਡ ਸ਼ੋਅ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ
ਰੋਡ ਸ਼ੋਅ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਵਰਕਰ ਵੱਡੀ ਗਿਣਤੀ ਵਿੱਚ ਢੋਲਾਂ ਨਾਲ ਪਟੇਲ ਚੌਕ ਵਿੱਚ ਪਹੁੰਚ ਗਏ ਹਨ।
ਕੌਮੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ ਵਿੱਚ ਸ਼ੁਰੂ
ਇਸ ਤੋਂ ਪਹਿਲਾਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾਂ ਬੈਠਕ ਸੋਮਵਾਰ ਸਵੇਰੇ ਦਿੱਲੀ ‘ਚ ਸ਼ੁਰੂ ਹੋਈ। ਇਹ ਅਹਿਮ ਮੀਟਿੰਗ ਇਸ ਸਾਲ 9 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਹੈ। ਭਾਜਪਾ ਦਾ ਧਿਆਨ ਉਨ੍ਹਾਂ ਮੁੱਦਿਆਂ ‘ਤੇ ਰਹੇਗਾ, ਜੋ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਭਾਵਨਾਤਮਕ ਤੌਰ ‘ਤੇ ਵੀ ਜੁੜਦੇ ਹਨ। ਮੁਸਲਿਮ ਔਰਤਾਂ ਦੀ ਸਮਾਜਿਕ ਸੁਰੱਖਿਆ ਬਾਰੇ ਵੱਖਰੇ ਤੌਰ ‘ਤੇ ਚਰਚਾ ਕੀਤੀ ਜਾਵੇਗੀ।
ਜੇਪੀ ਨੱਡਾ ਸਮੇਤ ਕਈ ਆਗੂ ਮੌਜੂਦ
ਕਾਰਜਕਾਰਨੀ ਦੀ ਬੈਠਕ ‘ਚ ਭਾਜਪਾ ਪ੍ਰਧਾਨ ਜੇਪੀ ਨੱਡਾ, ਸੀਨੀਅਰ ਨੇਤਾ ਦੁਸ਼ਯੰਤ ਕੁਮਾਰ ਗੌਤਮ, ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀਐੱਲ ਸੰਤੋਸ਼ ਸਮੇਤ ਕਈ ਨੇਤਾ ਮੌਜੂਦ ਸਨ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ 30 ਤੋਂ ਵੱਧ ਕੇਂਦਰੀ ਮੰਤਰੀ, 12 ਮੁੱਖ ਮੰਤਰੀ, 5 ਉਪ ਮੁੱਖ ਮੰਤਰੀ ਅਤੇ ਕਾਰਜਕਾਰਨੀ ਦੇ ਮੈਂਬਰ ਮੌਜੂਦ ਹੋਣਗੇ।
ਇਨ੍ਹਾਂ ਮੁੱਦਿਆਂ ‘ਤੇ ਕੀਤੀ ਜਾਵੇਗੀ ਚਰਚਾ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਦੱਸਿਆ ਹੈ ਕਿ ਪਾਰਟੀ ਨੇਤਾ ਕਿਹੜੇ ਮੁੱਦਿਆਂ ‘ਤੇ ਚਰਚਾ ਕਰਨਗੇ। ਤਾਵੜੇ ਨੇ ਕਿਹਾ ਕਿ ਸੇਵਾ, ਸੰਗਠਨ ਅਤੇ ਸਮਰਪਣ, ਵਿਸ਼ਵ ਗੁਰੂ ਭਾਰਤ, ਸੁਸ਼ਾਸਨ ਸਭ ਤੋਂ ਪਹਿਲਾਂ, ਮੁਸਲਿਮ ਔਰਤਾਂ ਦੀ ਸਮਾਜਿਕ ਸੁਰੱਖਿਆ, ਪੱਛੜੇ ਲੋਕਾਂ ਦਾ ਸਸ਼ਕਤੀਕਰਨ, ਸਮਾਵੇਸ਼ੀ ਅਤੇ ਮਜ਼ਬੂਤ ਭਾਰਤ ਅਤੇ ਸੱਭਿਆਚਾਰ ਦੇ ਵਾਹਕ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।
ਕਾਂਗਰਸ ਦਾ ਨਿਸ਼ਾਨਾ
ਦੂਜੇ ਪਾਸੇ ਕਾਂਗਰਸ ਨੇ ਪੀਐਮ ਮੋਦੀ ਦੇ ਰੋਡ ਸ਼ੋਅ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਡਰੀ ਹੋਈ ਹੈ, ਇਸੇ ਲਈ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਨੂੰ ਲੈ ਕੇ ਚਿੰਤਤ ਹਨ।