ਤੁਰਕੀ-ਸੀਰੀਆ ’ਚ ਭੂਚਾਲ ਨੇ ਮਚਾਈ ਤਬਾਹੀ
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਤੁਰਕੀ ਤੇ ਸੀਰੀਆ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। 7.8 ਤੀਬਰਤਾ ਦੇ ਭੂਚਾਲ ਨੇ ਦੋਵਾਂ ਦੇਸ਼ਾਂ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਭੂਚਾਲ ਕਾਰਨ ਚਾਰ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ ਭੂਚਾਲ ਆਏ। ਸਮਾਚਾਰ ਏਜੰਸੀ ਏਐੱਫਪੀ ਮੁਤਾਬਿਕ ਤੁਰਕੀ-ਸੀਰੀਆ ਵਿਚ ਆਏ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 5, 000 ਹੋ ਗਈ ਹੈ।
ਰਾਹਤ ਸਮੱਗਰੀ ਦਾ ਪਹਿਲਾ ਜੱਥਾ ਪਹੁੰਚਿਆ ਤੁਰਕੀ
ਭਾਰਤ ਤੋਂ ਭੂਚਾਲ ਰਾਹਤ ਸਮੱਗਰੀ ਦਾ ਪਹਿਲਾ ਜੱਥਾ ਅੱਜ ਤੁਰਕੀ ਪਹੁੰਚ ਗਿਆ ਹੈ। ਯੂਪੀ ਦੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਪਹਿਲਾ ਜੱਥਾ ਤੁਰਕੀ ਲਈ ਰਵਾਨਾ ਹੋਇਆ ਸੀ। ਤੁਰਕੀ-ਸੀਰੀਆ ’ਚ ਆਏ ਭੂਚਾਲ ਵਿਚ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 10,000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚ ਵੀ ਭਾਰੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਤੜਕੇ ਦੋਵਾਂ ਦੇਸਾਂ ਦੀ ਸਰਹੱਦ ’ਤੇ ਰਿਕਟਰ ਪੈਮਾਨੇ ’ਤੇ 7.8 ਦੀ ਤੀਬਰਤਾ ਵਾਲਾ ਭੂਚਾਲ ਆਇਆ। ਜਿਸ ਵਿਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਭਾਰਤ ਸਮੇਤ ਕਈ ਦੇਸ਼ਾਂ ਨੇ ਦੁੱਖ ਪ੍ਰਗਟ ਕੀਤਾ
ਸੀਰੀਆ-ਤੁਰਕੀ ’ਚ ਭੂਚਾਲ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਮੌਤ ’ਤੇ ਦੁਨੀਆ ਦੇ ਮੁਖੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਤੁਰਕੀ ਦੀ ਮਦਦ ਕਰਨ ਲਈ ਤਿਆਰ ਹੈ।