ਬੇਸ਼ੱਕ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਕੀਤੀ ਜਾਂਦੀ ਖਿੱਚ-ਧੂਹ ਨਹੀਂ ਰੁਕੀ। ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਵੇਲੇ ਆਮ ਆਦਮੀ ਪਾਰਟੀ ਪ੍ਰਦਰਸ਼ਨਕਾਰੀਆਂ ਉੱਪਰ ਤਸ਼ੱਦਦ ਦਾ ਵਿਰੋਧ ਕਰਦੀ ਸੀ ਪਰ ਅੱਜ ਸੱਤਾ ਵਿੱਚ ਆ ਕੇ ਉਹੀ ਕੁਝ ਖੁਦ ਕਰ ਰਹੀ ਹੈ। ਸ਼ਨੀਵਾਰ ਨੂੰ ਵੀ ਅਜਿਹੀ ਹੀ ਦ੍ਰਿਸ਼ ਸੰਗਰੂਰ ਵਿੱਚ ਵੇਖਣ ਨੂੰ ਮਿਲਿਆ।
ਇੱਥੇ ਪੰਜਾਬ ਭਰ ਤੋਂ ਪੁੱਜੇ ਚੁਣੇ ਗਏ 4161 ਮਾਸਟਰ ਕਾਡਰ ਉਮੀਦਵਾਰਾਂ ਵੱਲੋਂ ਸਟੇਸ਼ਨ ਅਲਾਟ ਨਾ ਕਰਨ ਦੇ ਵਿਰੋਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਆਵਾਜਾਈ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਖਿੱਚ-ਧੂਹ ਵੀ ਹੋਈ ਪਰ ਪੁਲਿਸ ਨੇ ਉਨ੍ਹਾਂ ਅੱਗੇ ਨਹੀਂ ਵਧਣ ਦਿੱਤਾ। ਇਸ ਮਗਰੋਂ ਪ੍ਰਦਰਸ਼ਨਕਾਰੀ ਉਮੀਦਵਾਰਾਂ ਵੱਲੋਂ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਦੱਸ ਦਈਏ ਕਿ ਸ਼ਨੀਵਾਰ ਨੂੰ 4161 ਮਾਸਟਰ ਕਾਡਰ ਸਿਲੈਕਟਿਡ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚੁਣੇ ਗਏ ਉਮੀਦਵਾਰ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ। ਇੱਥੋਂ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਅੱਗੇ ਵਧੇ ਤਾਂ ਪੁਲੀਸ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਰੋਕ ਲਿਆ ਜਿੱਥੇ ਖਿੱਚ-ਧੂਹ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਲਗਾ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਤੇ ਉਪ ਪ੍ਰਧਾਨ ਸੁਖਜੀਤ ਸਿੰਘ ਵਿਰਕ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕਾਂਗਰਸ ਸਰਕਾਰ ਦੁਆਰਾ 4161 ਮਾਸਟਰ ਕਾਡਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਚੋਣ ਤੋਂ ਬਾਅਦ ਸੱਤਾ ਵਿੱਚ ਆਈ ‘ਆਪ’ ਦੀ ਸਰਕਾਰ ਬਣਨ ਮਗਰੋਂ ਭਰਤੀ ਪ੍ਰਕਿਰਿਆ ਪੂਰੀ ਹੋਣ ਮਗਰੋਂ 7 ਜਨਵਰੀ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਸਾਰੇ ਉਮੀਦਵਾਰਾਂ ਦਾ ਮੈਡੀਕਲ ਵੀ ਹੋ ਚੁੱਕਿਆ ਹੈ। ਮੈਡੀਕਲ ਹੋਣ ਤੋਂ ਦੋ ਦਿਨ ਬਾਅਦ ਭਾਵੇਂ ਨਿਯੁਕਤ ਕੀਤਾ ਜਾਣਾ ਹੁੰਦਾ ਹੈ ਪਰ ਡੇਢ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ।
ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁੱਜੇ ਤਹਿਸੀਲਦਾਰ ਅਮਿਤ ਕੁਮਾਰ ਨੇ ਯੂਨੀਅਨ ਵਫ਼ਦ ਦੀ 12 ਫਰਵਰੀ ਨੂੰ ਸੁਨਾਮ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਨਿਸ਼ਚਿਤ ਕਰਵਾਈ। ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।