ਸੰਗਰੂਰ-ਪਟਿਆਲਾ ਕੌਮੀ ਸ਼ਾਹਰਾਹ ’ਤੇ ਐਤਵਾਰ ਸਵੇਰੇ ਪਿੰਡ ਕਲੌਦੀ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਚੁੱਕਣ ਲਈ ਰੁਕੀ ਪੀਆਰਟੀਸੀ ਦੀ ਬੱਸ ਨੂੰ ਇਕ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨੇ ਟੱਕਰ ਮਾਰ ਦਿੱਤੀ। ਪਿਕਅੱਪ ਗੱਡੀ ਦੇ ਡਰਾਈਵਰ ਸਮੇਤ 21 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪਿੱਕਅੱਪ ‘ਚ ਸਵਾਰ ਸਾਰੇ ਲੋਕ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਬੱਧਨੀ ਕਲਾਂ, ਰਾਣੀਆਂ ਜ਼ਿਲ੍ਹਾ ਮੋਗਾ ਨੂੰ ਜਾ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸ 108 ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ, ਜਿੱਥੇ ਤਿੰਨ ਮਹੀਨੇ ਦੀ ਬੱਚੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਡਰਾਈਵਰ ਸਮੇਤ ਪੰਜ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ, ਜਦੋਂਕਿ ਬਾਕੀ ਇੱਕ ਦਰਜਨ ਮਰੀਜ਼ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਾਰਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ, ਐਸਡੀਐਮ ਸੰਗਰੂਰ ਨਵਰੀਤ ਕੌਰ, ਨਾਇਬ ਤਹਿਸੀਲਦਾਰ ਅਵਤਾਰ ਸਿੰਘ ਵੀ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਸੰਗਰੂਰ ਪੁੱਜੇ।
ਜਾਣਕਾਰੀ ਅਨੁਸਾਰ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਮੱਥਾ ਟੇਕਣ ਤੋਂ ਬਾਅਦ ਸਵੇਰੇ ਵਾਪਸ ਮੋਗਾ ਵੱਲ ਜਾ ਰਹੀ 21 ਵਿਅਕਤੀਆਂ ਨਾਲ ਭਰੀ ਪਿਕਅੱਪ ਪਿੰਡ ਕਲੌਦੀ ਨੇੜੇ ਇੱਕ ਟਰਾਲੇ ਨੂੰ ਕ੍ਰਾਸ ਕਰਦੇ ਹੋਏ ਸੜਕ ਕਿਨਾਰੇ ਖੜ੍ਹੀ ਪੀਆਰਟੀਸੀ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ ਅਤੇ ਗੱਡੀ ਦਾ ਡਰਾਈਵਰ ਬੁਰੀ ਤਰ੍ਹਾਂ ਨਾਲ ਫਸ ਗਿਆ।
ਪਿਕਅੱਪ ਚਾਲਕ ਫਕੀਰ ਚੰਦ ਪੁੱਤਰ ਬੂਟਾ ਸਿੰਘ ਵਾਸੀ ਢਿੱਲਵਾਂ ਕਲਾਂ ਜ਼ਿਲ੍ਹਾ ਮੋਗਾ ਸਮੇਤ ਨੇਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭਾਗੀਕੇ, ਗੁਰਮੀਤ ਕੌਰ ਪਤਨੀ ਨੇਕ ਸਿੰਘ, 13 ਸਾਲਾ ਮਨਦੀਪ ਕੌਰ ਪੁੱਤਰੀ ਨੇਕ ਸਿੰਘ, ਰਾਣੀ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਣੀਆ, ਹਾਦਸੇ ‘ਚ ਮਰਨ ਵਾਲਿਆਂ ‘ਚ ਸਿਮਰਨਜੀਤ ਕੌਰ ਪੁੱਤਰੀ ਸਰੂਪ ਸਿੰਘ, ਰਮਨ ਕੌਰ ਪੁੱਤਰੀ ਬਲਵਿੰਦਰ ਸਿੰਘ ਪੁੱਤਰੀ ਰਣੀਆ, ਰਾਜ ਕੌਰ ਪੁੱਤਰੀ ਹਾਕਮ ਸਿੰਘ, ਤੇਜ ਕੌਰ ਪੁੱਤਰੀ ਸਰੂਪ ਸਿੰਘ, ਮੁਖਤਿਆਰ ਸਿੰਘ ਪੁੱਤਰੀ ਅਮਰਜੀਤ ਸਿੰਘ ਵਾਸੀ ਫਾਟਕ ਸ਼ਾਮਲ ਹਨ। ਰਣੀਆ, ਗੁਰਮੀਤ ਸਿੰਘ ਪੁੱਤਰ ਜਗਤਾਰ ਸਿੰਘ, ਅਮਨਦੀਪ ਸਿੰਘ ਪੁੱਤਰ ਹਾਕਮ ਸਿੰਘ, ਸੰਮੀ ਕੌਰ ਪੁੱਤਰੀ ਗੁਰਬਚਨ ਸਿੰਘ, ਤਾਰੋ ਪਤਨੀ ਬੂਟਾ ਸਿੰਘ ਵਾਸੀ ਢਿਲਵਾਂ ਕਲਾਂ, ਮਲਕੀਤ ਕੌਰ ਪਤਨੀ ਦਲੀਪ ਸਿੰਘ ਵਾਸੀ ਰਾਣੀਆ, ਬਿੰਦਰ ਕੌਰ ਪਤਨੀ ਫਕੀਰ ਵਾਸੀ ਰਣੀਆ ਗੰਭੀਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਵਿਚ ਡਰਾਈਵਰ ਫਕੀਰ ਚੰਦ, ਬਿੰਦਰ ਕੌਰ, ਤੇਜ ਕੌਰ, ਨੇਕ ਸਿੰਘ ਤੇ ਮਨਦੀਪ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਦੌਰਾਨ ਚਰਨਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪੰਜਗਰਾਈਂ ਤੇ ਤਿੰਨ ਮਹੀਨੇ ਦੀ ਬੱਚੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਸਦਰ ਸੰਗਰੂਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਮਾਣਾ ਤੋਂ ਸੰਗਰੂਰ ਆ ਰਹੀ ਸੀ ਬੱਸ
ਬੱਸ ਚਾਲਕ ਮੇਜਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਕੰਡਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੱਸ ਪਿੰਡ ਕਲੌਦੀ ਦੇ ਬੱਸ ਅੱਡੇ ਤੋਂ ਸਵਾਰੀਆਂ ਨੂੰ ਚੁੱਕਣ ਲਈ ਰੁਕੀ ਸੀ। ਬੱਸ ਸਮਾਣਾ ਤੋਂ ਸੰਗਰੂਰ ਜਾ ਰਹੀ ਸੀ। ਅਚਾਨਕ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਸ ਦੀਆਂ ਸਵਾਰੀਆਂ ਆਪਣੀਆਂ ਸੀਟਾਂ ਤੋਂ ਹੇਠਾਂ ਡਿੱਗ ਗਈਆਂ ਪਰ ਸ਼ੁਕਰ ਹੈ ਕਿ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ।