ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਦੇ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਮਾਰੀਓਪੋਲ ਦਾ ਅਚਾਨਕ ਦੌਰਾ ਕੀਤਾ। ਰੂਸ ਦੀਆਂ ਸਰਕਾਰੀ ਖ਼ਬਰ ਏਜੰਸੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੂਤਿਨ ਦਾ ਮਾਰੀਓਪੋਲ ਦਾ ਇਹ ਪਹਿਲਾ ਦੌਰਾ ਹੈ ਜਿਸ ’ਤੇ ਰੂਸ ਨੇ ਸਤੰਬਰ ਵਿੱਚ ਕਬਜ਼ਾ ਕੀਤਾ ਸੀ। ਸ਼ਨਿਚਰਵਾਰ ਨੂੰ ਪੂਤਿਨ ਕਾਲਾ ਸਾਗਰ ਪ੍ਰਾਇਦੀਪ ’ਤੇ ਕਬਜ਼ੇ ਦੀ ਨੌਵੀਂ ਵਰ੍ਹੇਗੰਢ ਮੌਕੇ ਕ੍ਰੀਮੀਆ ਪਹੁੰਚੇ ਜੋ ਮਾਰੀਓਪੋਲ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ।
ਮਾਰੀਓਪੋਲ ’ਚ ਪੂਤਿਨ ਨੂੰ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਅਤੇ ਉਨ੍ਹਾਂ ਕ੍ਰੀਮੀਆ ’ਚ ਇਕ ਆਰਟ ਸਕੂਲ ਅਤੇ ਬਾਲ ਕੇਂਦਰ ਦਾ ਦੌਰਾ ਵੀ ਕੀਤਾ। ਰੂਸੀ ਰਾਸ਼ਟਰਪਤੀ ਨੇ ਅਜਿਹੇ ਸਮੇਂ ਯੂਕਰੇਨ ਤੋਂ ਕਬਜ਼ੇ ’ਚ ਲਏ ਗਏ ਇਲਾਕੇ ਦਾ ਦੌਰਾ ਕੀਤਾ ਹੈ ਜਦੋਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੂਤਿਨ ਨੇ ਗ੍ਰਿਫ਼ਤਾਰੀ ਵਾਰੰਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੂਤਿਨ ਹੈਲੀਕਾਪਟਰ ਰਾਹੀਂ ਮਾਰੀਓਪੋਲ ਪੁੱਜੇ ਅਤੇ ਫਿਰ ਉਹ ਸ਼ਹਿਰ ਦੀਆਂ ਯਾਦਗਾਰਾਂ ਅਤੇ ਹੋਰ ਕਈ ਇਲਾਕਿਆਂ ’ਚ ਵੀ ਗਏ। ਰੂਸੀ ਚੈਨਲ ਨੇ ਐਤਵਾਰ ਨੂੰ ਪੂਤਿਨ ਨੂੰ ਇਕ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਦਿਖਾਇਆ ਹੈ। ਉਨ੍ਹਾਂ ਦੱਖਣੀ ਰੂਸੀ ਸ਼ਹਿਰ ਰੋਸਤੋਵ-ਆਨ-ਡੋਨ ’ਚ ਇਕ ਕਮਾਂਡ ਚੌਕੀ ’ਤੇ ਰੂਸੀ ਫ਼ੌਜੀ ਅਧਿਕਾਰੀਆਂ ਅਤੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਯੂਕਰੇਨ ਜੰਗ ’ਚ ਸ਼ਾਮਲ ਰੂਸ ਦੇ ਸਿਖਰਲੇ ਫ਼ੌਜੀ ਅਧਿਕਾਰੀ ਵਲੇਰੀ ਗੇਰਾਸਿਮੋਵ ਨੇ ਪੂਤਿਨ ਦਾ ਸਵਾਗਤ ਕੀਤਾ। ਰੂਸੀ ਉਪ ਪ੍ਰਧਾਨ ਮੰਤਰੀ ਮਰਾਤ ਖੁਸਨੂਲਿਨ ਨੇ ਸਪੱਸ਼ਟ ਕੀਤਾ ਕਿ ਰੂਸੀ ਫ਼ੌਜ ਮਾਰੀਓਪੋਲ ’ਚ ਰਹੇਗੀ ਅਤੇ ਸ਼ਹਿਰ ਦੀ ਮੁੜ ਉਸਾਰੀ ਸਾਲ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸ਼ਹਿਰ ’ਚ ਪਰਤਣ ਲੱਗ ਪਏ ਹਨ।