ਐਤਵਾਰ ਬਾਅਦ ਦੁਪਹਿਰ ਕਲਾਨੌਰ-ਬਟਾਲਾ ਮਾਰਗ ਦੇ ਪੈਂਦੇ ਅੱਡਾ ਖੁਸ਼ੀਪੁਰ ਨੇੜੇ ਕਾਰ ਸੜਕ ਕਿਨਾਰੇ ਲੱਗੇ ਦਰੱਖ਼ਤ ‘ਚ ਵੱਜਣ ਕਾਰਨ ਕਾਰ ਚਲਾ ਰਹੇ ਆੜ੍ਹਤੀ ਪਰਗਟ ਸਿੰਘ ਗੁਰਾਇਆ ਸਾਬਕਾ ਸਰਪੰਚ ਖਾਨਫੱਤਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਭਾਣਜਾ ਗੰਭੀਰ ਫੱਟੜ ਹੋ ਗਿਆ। ਇਸ ਸਬੰਧੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਪਰਗਟ ਸਿੰਘ ਸਾਬਕਾ ਸਰਪੰਚ (35) ਪੁੱਤਰ ਮੁਖਵਿੰਦਰ ਸਿੰਘ ਪਿੰਡ ਖਾਨਫੱਤਾ ਜੋ ਗੁਰਾਇਆ ਕਮਿਸ਼ਨ ਏਜੰਟਾਂ ਵਜੋਂ ਇਲਾਕੇ ਵਿਚ ਪ੍ਰਸਿੱਧ ਹੈ, ਐਤਵਾਰ ਨੂੰ ਉਹ ਕਾਰ ਰਾਹੀਂ ਕਲਾਨੌਰ ਤੋਂ ਬਟਾਲਾ ਮਾਰਗ ਰਾਹੀਂ ਪਿੰਡ ਨੂੰ ਆ ਰਿਹਾ ਸੀ ਕਿ ਇਸ ਦੌਰਾਨ ਉਸ ਦੀ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖ਼ਤ ‘ਚ ਵੱਜੀ ਜਿਸ ਕਾਰਨ ਪਰਗਟ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।
ਹਾਦਸਾ ਵਾਪਰਨ ਉਪਰੰਤ ਸਾਬਕਾ ਸਰਪੰਚ ਪਰਗਟ ਸਿੰਘ ਅਤੇ ਉਸ ਦੇ ਭਾਣਜੇ ਮਨਦੀਪ ਸਿੰਘ (30) ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਲੈਜਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਵੱਲੋਂ ਗੰਭੀਰ ਫੱਟੜ ਮਨਦੀਪ ਸਿੰਘ ਨੂੰ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ। ਇਥੇ ਦੱਸਣਯੋਗ ਹੈ ਕਿ ਆੜ੍ਹਤੀ ਪਰਗਟ ਸਿੰਘ ਸਾਬਕਾ ਸਰਪੰਚ ਆਪਣੇ ਪਿੱਛੇ ਦੋ ਬੇਟਿਆਂ ਨੂੰ ਛੱਡ ਗਿਆ ਹੈ। ਇਲਾਕੇ ਦੀ ਪ੍ਰਸਿੱਧ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਾਬਕਾ ਸਰਪੰਚ ਪਰਗਟ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਕਲਾਨੌਰ ਹਸਪਤਾਲ ਵਿਚ ਉਸ ਦੇ ਸਾਕ ਸਨੇਹੀਆਂ ਤੇ ਯਾਰਾਂ ਦੋਸਤ ਵੱਡੀ ਗਿਣਤੀ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਸਾਬਕਾ ਸਰਪੰਚ ਪਰਗਟ ਸਿੰਘ ਵੱਲੋਂ ਆਪਣੇ ਭਰਾ ਦੇ ਅਮਰੀਕਾ ਵਿੱਚ ਪੱਕੇ ਹੋਣ ਤੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਮਰਹੂਮ ਸਾਬਕਾ ਸਰਪੰਚ ਪਰਗਟ ਸਿੰਘ ਲੋੜਵੰਦਾਂ, ਖੇਡ-ਪ੍ਰੇਮੀਆਂ ਦੇ ਮੱਦਦਗਾਰ ਅਤੇ ਚੰਗੇ ਸਮਾਜ ਸੇਵਕ ਸਨ। ਹਾਦਸੇ ਦੀ ਖ਼ਬਰ ਸਬੰਧੀ ਇਸ ਪਰਿਵਾਰਕ ਜੀਆਂ ਵੱਲੋਂ ਪੁਲਿਸ ਥਾਣਾ ਕਲਾਨੌਰ ਨੂੰ ਜਾਣੂ ਕਰਵਾਇਆ ਗਿਆ ਇਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।