ਰਾਮ ਨੌਮੀ ‘ਤੇ ਭੜਕੀ ਹਿੰਸਾ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਹਨੂੰਮਾਨ ਜੈਅੰਤੀ ‘ਤੇ ਅਜਿਹਾ ਨਾ ਹੋਵੇ। ਕੇਂਦਰੀ ਗ੍ਰਹਿ ਮੰਤਰਾਲੇ (MHA) ਵੱਲੋਂ ਕਿਹਾ ਗਿਆ ਹੈ ਕਿ ਹਨੂੰਮਾਨ ਜਨਮ ਉਤਸਵ ‘ਤੇ ਹਿੰਸਾ ਨਾ ਫੈਲੇ, ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਐਡਵਾਈਜ਼ਰੀ ‘ਚ ਅੱਗੇ ਕਿਹਾ ਗਿਆ ਹੈ ਕਿ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸਰਕਾਰਾਂ ਨੂੰ ਅਮਨ-ਕਾਨੂੰਨ ਬਣਾਈ ਰੱਖਣ, ਤਿਉਹਾਰ ਨੂੰ ਸ਼ਾਂਤੀਪੂਰਵਕ ਮਨਾਉਣ ਅਤੇ ਸਮਾਜ ਵਿੱਚ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਰਾਮ ਨੌਮੀ ਹਿੰਸਾ: ਕਲਕੱਤਾ ਹਾਈ ਕੋਰਟ ਨੇ ਮਮਤਾ ਸਰਕਾਰ ਨੂੰ ਦਿੱਤੇ ਇਹ ਨਿਰਦੇਸ਼
ਇਸ ਤੋਂ ਪਹਿਲਾਂ ਪੱਛਮੀ ਬੰਗਾਲ ‘ਚ ਰਾਮ ਨੌਮੀ ‘ਤੇ ਭੜਕੀ ਹਿੰਸਾ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਹਨੂੰਮਾਨ ਜੈਅੰਤੀ ਨੂੰ ਲੈ ਕੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਹਾਈ ਕੋਰਟ ਨੇ ਮਮਤਾ ਬੈਨਰਜੀ ਸਰਕਾਰ ਨੂੰ ਹਿੰਸਾ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਲੋੜ ਪੈਣ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਲਈ ਜਾਵੇ।
ਅਦਾਲਤ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਧਾਰਾ 144 ਲਾਗੂ ਹੈ, ਉੱਥੇ ਹਨੂੰਮਾਨ ਜੈਅੰਤੀ ਦਾ ਜਲੂਸ ਨਹੀਂ ਕੱਢਿਆ ਜਾਵੇਗਾ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ ਵਿੱਚ ਸ਼ਿਬਪੁਰ ਅਤੇ ਰਿਸ਼ੜਾ ਵਿੱਚ ਭੜਕੀ ਹਿੰਸਾ ਬਾਰੇ ਇੱਕ ਰਿਪੋਰਟ ਸੌਂਪੀ ਹੈ। ਅਦਾਲਤ ਨੇ ਰਾਜ ਸਰਕਾਰ ਤੋਂ ਪੁੱਛਿਆ ਹੈ ਕਿ ਆਗਾਮੀ ਹਨੂੰਮਾਨ ਜੈਅੰਤੀ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਉਸ ਨੇ ਕੀ ਕਦਮ ਚੁੱਕੇ ਹਨ।
ਬੰਗਾਲ ਦੇ ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ ਵਿੱਚ ਰਾਮ ਨੌਮੀ ਦੇ ਜਲੂਸਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ, ਅਦਾਲਤ ਨੇ ਪੁਲਿਸ ਨੂੰ ਰੂਟ ਮਾਰਚ ਕਰਨ ਲਈ ਕਿਹਾ ਹੈ। ਨਾਲ ਹੀ ਨੇਤਾਵਾਂ ਨੇ ਹਨੂੰਮਾਨ ਜੈਅੰਤੀ ‘ਤੇ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ।