37.26 F
New York, US
February 7, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਪੁਰਾਤਨ ਸਾਮਾਨ ਸਾਂਭੀ ਬੈਠਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬ ਘਰ, ਜਿਸ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜ੍ਹੀ ਰਹਿ ਜਾਂਦੀ ਹੈ ਹੈਰਾਨ

ਸੰਨ 1962 ’ਚ ਸਥਾਪਤ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਖ-ਵੱਖ ਫ਼ਸਲਾਂ, ਤੇਲ ਬੀਜਾਂ ਅਤੇ ਸਬਜ਼ੀਆਂ ਆਦਿ ’ਤੇ ਖੋਜਾਂ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਕਿਸਾਨਾਂ ਲਈ ਜਿੱਥੇ ਚਾਨਣ ਮੁਨਾਰਾ ਬਣੀ ਉਥੇ ਨਾਲ ਹੀ ’ਵਰਸਿਟੀ ’ਚ ਇਕ ਲੁਕਵੀਂ ਜਿਹੀ ਥਾਂ ’ਤੇ ਅਜਾਇਬ ਘਰ ਵੀ ਬਣਿਆ ਹੋਇਆ, ਜਿਸ ਵਿਚ ਪੁਰਾਣੇ ਸਮੇਂ ਵੇਲੇ ਘਰਾਂ ਦੀ ਆਮ ਵਰਤੋਂ ’ਚ ਆਉਣ ਵਾਲਾ ਸਾਮਾਨ ਵੀ ਸੰਭਾਲਿਆ ਪਿਆ ਹੈ। ਲਗਪਗ 18ਵੀਂ ਸਦੀ ਦਾ ਇਹ ਪੁਰਾਤਨ ਸਾਮਾਨ ਹੱਥੀਂ ਕੰਮ ਕਰਨ ਨਾਲ ਸਬੰਧਿਤ ਹੈ, ਜਿਸ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜ੍ਹੀ ਹੈਰਾਨ ਰਹਿ ਜਾਂਦੀ ਹੈ। ਉਸ ਸਮੇਂ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ ਡਾ: ਮਹਿੰਦਰ ਸਿੰਘ ਰੰਧਾਵਾ ਨੇ ਇਸ ਅਜਾਇਬ ਘਰ ਦੀ ਨੀਂਹ ਪਹਿਲੀ ਮਾਰਚ 1971 ਨੂੰ ਰੱਖੀ ਸੀ। ਦੱਸਣਯੋਗ ਹੈ ਕਿ ਰੰਧਾਵਾ ਨੇ ਡੈਨਮਾਰਕ ’ਚ ਕੋਪਨਹੈਗਨ ਨੇੜੇ ਅਜਿਹਾ ਅਜਾਇਬ ਘਰ ਦੇਖਿਆ ਸੀ, ਜੋ ਲਗਪਗ 88 ਏਕੜ ’ਚ ਬਣਿਆ ਹੋਇਆ ਸੀ। ਡੈਨਮਾਰਕ ਦੇ ਇਸ ਅਜਾਇਬ ਘਰ ’ਚ ਕਿਸਾਨੀ ਨਾਲ ਸਬੰਧਿਤ ਅਤੇ 16ਵੀਂ ਸਦੀ ਦੇ ਪੁਰਾਣੇ ਪੇਂਡੂ ਘਰਾਂ ਸਾਮਾਨ ਪਿਆ ਸੀ। ਉਸੇ ਤਰਜ ’ਤੇ ਮਹਿੰਦਰ ਸਿੰਘ ਰੰਧਾਵਾ ਨੇ ਪੀਏਯੂ ’ਚ ਵੀ ਅਜਿਹਾ ਅਜਾਇਬ ਘਰ ਬਣਾਉਣ ਲਈ ਵਿਚਾਰ ਕਰਕੇ ਇਕ ਪ੍ਰਾਜੈਕਟ ਦਾ ਆਰੰਭ ਕਰਕੇ, ਇਕ ਮਾਰਚ 1971 ਨੂੰ ਇਸ ਅਜਾਇਬ ਘਰ ਦੀ ਨੀਂਹ ਰੱਖੀ। ਇਹ ਅਜਾਇਬ ਘਰ 1974 ’ਚ ਬਣ ਕੇ ਤਿਆਰ ਹੋ ਗਿਆ ਜਿਸ ਦਾ ਉਦਘਾਟਨ 1974 ’ਚ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਕੀਤਾ ਇਸ ਅਜਾਇਬ ਘਰ ’ਚ ਪੰਜਾਬ ਭਰ ਦੇ ਲੋਕਾਂ ਦੇ ਸਹਿਯੋਗ ਨਾਲ ਉਸ ਵੇਲੇ ਘਰਾਂ ਦੀ ਆਮ ਵਰਤੋਂ ਵਿਚ ਆਉਣ ਵਾਲਾ ਹੱਥੀਂ ਬਣਿਆ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਵੀ ਇਸ ਅਜਾਇਬ ਘਰ ਵਿਚ ਉਹ ਪੁਰਾਣੇ ਜ਼ਮਾਨੇ ਦਾ ਸਾਮਾਨ ਮੌਜੂਦ ਹੈ, ਜਿਸ ਵਿਚ ਗੁਪਤ ਕਾਲ ਦੇ ਮਿੱਟੀ ਦੇ ਭਾਂਡੇ, ਪੁਰਾਣੇ ਸਿੱਕੇ, ਪੁਰਾਣੀਆਂ ਮਿੱਟੀ ਦੀਆਂ ਮੂਰਤੀਆਂ, ਤਿੰਨ ਹਜ਼ਾਰ ਛੇ ਸੌ ਸਾਲ ਪਹਿਲਾਂ ਦੇ ਮਿੱਟੀ ਦੇ ਬਰਤਨ, ਲਾਲ ਰੰਗ ਦੇ ਚਮਕਦਾਰ ਮਿੱਟੀ ਦੇ ਭਾਂਡੇ, ਹੜੱਪਾ ਕਾਲ ਦੇ ਮਿੱਟੀ ਦੇ ਭਾਂਡੇ ਅਤੇ ਕਾਂਸੀ ਦੇ ਸੰਦ, ਹੁੱਕੇ, ਪਿੱਤਲ ਦੇ ਜੱਗ, ਸੂਰਾਹੀ, ਡੋਲੂ, ਪਿੱਤਲ ਦਾ ਰੋਟੀ ਵਾਲਾ ਡੱਬਾ, ਪਿੱਤਲ ਦੀ ਵੱਡੀ ਪਰਾਤ , ਪਿੱਤਲ ਦੀਆਂ ਵਲਟੋਹੀਆਂ, ਆਟਾ ਅਤੇ ਦਾਣਾ ਪਾਉਣ ਵਾਲੇ ਮਿੱਟੀ ਦੇ ਭੜੋਲੇ, ਹੱਥ ਨਾਲ ਨਾਲੇ ਬੁਣਤੀ ਕਰਨ ਵਾਲਾ ਅੱਡਾ, ਚਾਹ ਬਣਾਉਣ ਵਾਲੀ ਪਿੱਤਲ ਦੀ ਪਤੀਲੀ, ਦਾਲ ਆਦਿ ਬਣਾਉਣ ਲਈ ਹਾਰਾ, ਹੱਥ ਨਾਲ ਅਨਾਜ ਪੀਹਣ ਵਾਲੀ ਚੱਕੀ, ਪੁਰਾਤਨ ਸਿੱਕੇ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣੇ ਦੇ ਲੋਕ ਵੱਡੀ ਪੱਧਰ ’ਤੇ ਪੁਰਾਣੀਆਂ ਚੀਜ਼ਾਂ ਅਤੇ ਸਾਮਾਨ ਦੇਖਣ ਲਈ ਦੂਰ-ਦੂਰ ਜਾਂਦੇ ਹਨ, ਪਰ ਪੀਏਯੂ ਦੇ ਅਜਾਇਬ ਘਰ ਵਿਚ ਪਿਆ ਪੁਰਾਤਨ ਖ਼ਜ਼ਾਨਾ ਲੋਕਾਂ ਦੀਆਂ ਨਜ਼ਰਾਂ ਤੋ ਕੋਹਾਂ ਦੂਰ ਜਾਪਦਾ ਹੈ।

ਕੀਤੀ ਜਾ ਸਕਦੀ ਹੈ ਪ੍ਰੀਵੈਡਿੰਗ ਤੇ ਵੈਡਿੰਗ : ਰਿਆੜ

ਪੀਏਯੂ ਦੇ ਅੱਪਰ ਨਿਰਦੇਸ਼ਕ ਸੰਚਾਰ ਟੀਐੱਸ ਰਿਆੜ ਨੇ ਦੱਸਿਆ ਕਿ ਯੂਨੀਵਰਸਿਟੀ ’ਚ ਜੋ ਅਜਾਇਬ ਘਰ ਬਣਾਇਆ ਗਿਆ ਹੈ, ਉਹ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਜਾਇਬ ਘਰ ’ਚ ਪ੍ਰੀਵੈਡਿੰਗ ਅਤੇ ਵੈਡਿੰਗ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਇਸ ਪੇਂਡੂ ਵਿਰਸੇ ਨੂੰ ਸੁਰਜੀਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਦੀ ਨਵੀਂ ਪੀੜ੍ਹੀ ਆਪਣੇ ਵਿਰਸੇ ਅਤੇ ਪੁਰਾਣੇ ਸਮੇਂ ’ਚ ਹੱਥੀਂ ਹੁੰਦੇ ਕੰਮਾਂ ਨੂੰ ਭੁੱਲ ਰਹੀ ਹੈ, ਜਿਸ ਨੂੰ ਸੁਰਜੀਤ ਰੱਖਣ ਲਈ ਆਮ ਲੋਕ ਆਪਣੇ ਜੁਆਕਾਂ ਨੂੰ ਇਹ ਅਜਾਇਬ ਘਰ ਜ਼ਰੂਰ ਦਿਖਾਉਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਇਸ ਪੇਂਡੂ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ।

Related posts

ਤਬਲੀਘੀ ਜਮਾਤ: ਕੁਆਰੰਟੀਨ ਸੈਂਟਰ ‘ਚ ਜਮਾਤੀਆਂ ਨੇ ਡਾਕਟਰਾਂ ਅਤੇ ਸਟਾਫ ‘ਤੇ ਥੁੱਕਿਆ, ਇੱਕ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

On Punjab

Priyanka Chopra ਨੂੰ Nick Jonas ਨੇ ਤੋਹਫੇ ’ਚ ਦਿੱਤੀ ਇੰਨੀ ਮਹਿੰਗੀ ਸ਼ਰਾਬ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ!

On Punjab

ਹਰਿਆਣਾ ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ, ਹਾਕੀ ਖਿਡਾਰੀਆਂ ਨੂੰ ਨੌਕਰੀ ਤੇ 2.5-2.5 ਕਰੋੜ ਮਿਲਣਗੇ

On Punjab