ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ 16 ਅਪ੍ਰੈਲ 2023 ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਬ੍ਰੌਨਕਸੀਅਲ ਅਸਥਮਾ ਦੀ ਗੰਭੀਰ ਬਿਮਾਰੀ ਕਾਰਨ ਦਾਖਲ ਕਰਵਾਇਆ ਗਿਆ ਸੀ। 18 ਅਪ੍ਰੈਲ ਨੂੰ ਉਸ ਦੀ ਸਾਹ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਮੈਡੀਕਲ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। ਉਹ ਡਾਕਟਰੀ ਪ੍ਰਬੰਧਨ ਦੇ ਨਾਲ-ਨਾਲ NIV ਅਤੇ HFNC ਸਹਾਇਤਾ ‘ਤੇ ਸੀ। ਉਸ ਦਾ ਪ੍ਰਬੰਧਨ ਪ੍ਰੋ (ਡਾ.) ਦਿਗੰਬਰ ਬੇਹਰਾ ਦੇ ਨਾਲ ਪਲਮੋਨੋਲੋਜੀ ਅਤੇ ਕਾਰਡੀਓਲੋਜੀ ਦੁਆਰਾ ਸਹਿਯੋਗੀ ਗੰਭੀਰ ਦੇਖਭਾਲ ਟੀਮ ਦੇ ਨਾਲ ਕੀਤਾ ਜਾ ਰਿਹਾ ਸੀ। ਢੁਕਵੇਂ ਡਾਕਟਰੀ ਪ੍ਰਬੰਧਾਂ ਦੇ ਬਾਵਜੂਦ ਸ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਬਿਮਾਰੀ ਦਾ ਦਮ ਤੋੜ ਦਿੱਤਾ। ਫੋਰਟਿਸ ਹਸਪਤਾਲ ਮੁਹਾਲੀ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
ਦੱਸ ਦੇਈਏ ਕਿ 95 ਸਾਲਾ ਬਾਦਲ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਸ੍ਰੀ ਮੁਖ਼ਤਿਆਰ ਸਾਹਿਬ ਵਿਖੇ ਹੋਇਆ ਸੀ।
ਰਾਘਵ ਚੱਢਾ ਨੇ ਦੁੱਖ ਪ੍ਰਗਟ ਕੀਤਾ
ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਮੈਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਨਾਲ ਹੋਇਆ ਇਕ ਯੁੱਗ ਦਾ ਅੰਤ : ਛੋਟੇਪੁਰ
ਮਹਿੰਦਰ ਸਿੰਘ ਅਰਲੀਭੰਨ ਕਲਾਨੌਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਨਾਲ ਹੀ ਇਕ ਯੁੱਗ ਦਾ ਅੰਤ ਹੋ ਗਿਆ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਬੋਰਡ ਦੇ ਮੈਂਬਰ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕੀਤਾ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖ ਪੰਥ ਤੇ ਪੰਜਾਬੀਅਤ ਦੀ ਬੁਲੰਦ ਅਵਾਜ਼ ਸਨ । ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਾਰੇ ਵਰਗਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਸਨ ਅਤੇ ਉਹ ਆਪਣੇ ਜੀਵਨ ਵਿੱਚ ਕਿਸਾਨ-ਮਜ਼ਦੂਰ , ਮੁਲਾਜ਼ਮ ਤੇ ਸਮੁੱਚੇ ਵਰਗ ਦੇ ਭਲੇ ਤੋਂ ਇਲਾਵਾਂ ਆਪਸੀ ਭਾਈਚਾਰਕ ਸਾਂਝ ਨੂੰ ਪੈਦਾ ਕਰਨ ਵਿੱਚ ਹਮੇਸ਼ਾ ਤੱਤਪਰ ਰਹੇ। ਛੋਟੇਪੁਰ ਨੇ ਕਿਹਾ ਕਿ ਹਰ ਵਰਗ ਦੇ ਹਰਮਨ ਪਿਆਰੇ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਪੰਜਾਬ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਚਲੇ ਜਾਣ ਨਾਲ ਪੰਥ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋਵੇਗਾ : ਰਣੀਕੇ
ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਅਤੇ ਪੰਜਾਬ ਦੀ ਸਿਆਸਤ ਦੇ ਥੰਮ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦਾ ਇਸ ਜਹਾਨ ਤੋਂ ਤੁਰ ਜਾਣ ਦੇ ਨਾਲ ਪੰਥ ਅਤੇ ਸਮੁੱਚੀ ਅਕਾਲੀ ਦਲ ਨੂੰ ਪੈ ਗਿਆ ਘਾਟਾ ਰਹਿੰਦੀ ਦੁਨੀਆਂ ਤੱਕ ਪੂਰਾ ਨਹੀਂ ਹੋਵੇਗਾ ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਕਰ ਜਾਣ ਤੇ ਦੁਖੀ ਹਿਰਦੇ ਨਾਲ ਕਹੇ ਉਨ੍ਹਾਂ ਕਿਹਾ ਕਿ ਸ ਪਰਕਾਸ਼ ਸਿੰਘ ਬਾਦਲ ਨੇ ਰਣੀਕੇ ਪਰਿਵਾਰ ਨੂੰ ਸਮੇਂ ਸਮੇਂ ਦੀਆਂ ਅਕਾਲੀ ਸਰਕਾਰਾਂ ਸਮੇਂ ਪੂਰਾ ਮਾਣ ਸਨਮਾਨ ਦੇ ਕੇ ਨਵਾਜਿਆ ਤੇ ਸ ਪ੍ਰਕਾਸ਼ ਸਿੰਘ ਬਾਦਲ ਵਰਗੀ ਮਹਾਨ ਸ਼ਖ਼ਸੀਅਤ ਤਾਂ ਇਸ ਜਹਾਨ ਤੋਂ ਚਲੇ ਜਾਣ ਨਾਲ ਸਮੁੱਚੇ ਅਕਾਲੀ ਦਲ ਦੇ ਵਰਕਰਾਂ ਨੂੰ ਜਿੱਥੇ ਗਹਿਰਾ ਦੁੱਖ ਪੁੱਜਾ ਹੈ ਉਥੇ ਹੀ ਆਪਣੇ ਹਰ ਦਿਲ ਅਜੀਜ ਹਰਮਨ ਪਿਆਰੇ ਨੇਤਾ ਦੀ ਘਾਟ ਰਹਿੰਦੀ ਦੁਨੀਆਂ ਤਕ ਕਦੇ ਵੀ ਪੂਰੀ ਨਹੀਂ ਹੋਵੇਗੀ ਜਥੇਦਾਰ ਰਣੀਕੇ ਨੇ ਕਿਹਾ ਹੈ ਇਹ ਉਹਨਾਂ ਨੂੰ ਸ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿਚ ਉਂਗਲੀ ਫੜ੍ਹ ਕੇ ਤੁਰਨਾ ਸਿਖਾਇਆ ਤੇ ਅੱਜ ਉਹਨਾਂ ਦੇ ਸਦੀਵੀ ਵਿਛੋੜੇ ਤੇ ਰਣੀਕੇ ਪਰਿਵਾਰ ਤੇ ਹਲਕਾ ਅਟਾਰੀ ਦੀਆਂ ਸੰਗਤਾਂ ਨੂੰ ਗਹਿਰਾ ਸਦਮਾ ਪੁੱਜਾ ਹੈ ਜਿਸ ਲਈ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਸ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।