ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ ਹੋਣ ਦਾ ਸਮਾਚਾਰ ਹੈ।ਬੁੱਧਵਾਰ ਨੂੰ ਨਕੋਦਰ ਤੋਂ ਤਿੰਨ ਗੈਂਗਸਟਰਾਂ ਨੂੰ ਪੁਲਿਸ ਥਾਣਾ ਸਿਟੀ ਬਰਨਾਲਾ ਵੱਲੋਂ ਇੱਕ ਗੰਭੀਰ ਅਪਰਾਧ ਦੇ ਸਬੰਧ ਵਿੱਚ ਪੁੱਛਗਿੱਛ ਲਈ ਬਰਨਾਲਾ ਲਿਆਂਦਾ ਗਿਆ ਸੀ। ਫ਼ਰਾਰ ਹੋਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਰਨਾਲਾ ਜ਼ਿਲ੍ਹੇ ਦੀ ਪੁਲਿਸ, ਐਸਟੀਐਫ ਦੀ ਟੀਮ, ਕਮਾਂਡੋ ਅਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਡ੍ਰੋਨ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਦੇ ਰਹੇ ਪਰ ਖ਼ਬਰ ਲਿਖੇ ਜਾਣ ਤੱਕ ਗੈਂਗਸਟਰ ਪੁਲਿਸ ਦੇ ਹੱਥ ਨਹੀਂ ਲੱਗੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਸ਼ਹਿਰ ਵਿੱਚ ਵਾਪਰ ਰਹੀਆਂ ਵਾਰਦਾਤਾਂ ਦੇ ਸਬੰਧ ਵਿੱਚ ਤਿੰਨ ਗੈਂਗਸਟਰਾਂ (ਅਰੁਣ ਗਰੁੱਪ) ਨੂੰ ਨਕੋਦਰ ਤੋਂ ਬਰਨਾਲਾ ਲਿਆਂਦਾ ਸੀ, ਜਿਨ੍ਹਾਂ ਨੂੰ ਪੁਲਿਸ ਨੇ ਕਿਸੇ ਅਣਪਛਾਤੀ ਨਿੱਜੀ ਥਾਂ ’ਤੇ ਰੱਖਿਆ ਹੋਇਆ ਸੀ। ਬੁੱਧਵਾਰ ਦੁਪਹਿਰ ਨੂੰ ਗੈਂਗਸਟਰ ਸ਼ੌਚ ਦੇ ਬਹਾਨੇ ਉੱਥੋਂ ਫਰਾਰ ਹੋ ਗਏ। ਪੁਲਿਸ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਸਾਹ ਉੱਡ ਗਏ। ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਪੁਲਿਸ ਨੇ ਗੈਂਗਸਟਰਾਂ ਨੂੰ ਲੱਭਣ ਲਈ ਡ੍ਰੋਨ, ਡੌਗ ਸਕੁਐਡ ਅਤੇ ਡਾਇਨਾਮਾਈਟ ਬੰਬਾਂ ਦੀ ਵਰਤੋਂ ਕਰ ਕੇ ਸਰਚ ਅਭਿਆਨ ਚਲਾਇਆ ਪਰ ਸੱਤ ਘੰਟੇ ਚੱਲੇ ਸਰਚ ਅਭਿਆਨ ਦੌਰਾਨ ਪੁਲਿਸ ਦੇ ਪੱਲੇ ਖੱਜਲ-ਖੁਆਰੀ ਹੋਈ। ਤਿੰਨ ਥਾਣਿਆਂ ਦੇ ਐਸਐਚਓਜ਼ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਨੇ ਰਾਏਕੋਟ ਰੋਡ ’ਤੇ ਬੱਬਰਾ ਵਾਲੇ ਕੋਠੇ ਨੇੜੇ ਖੇਤਾਂ ਨੂੰ ਘੇਰਿਆ ਹੋਇਆ ਹੈ। ਪੁਲਿਸ ਨੇ ਆਸ-ਪਾਸ ਦੇ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਹੈ ਕਿ ਸਾਰੇ ਲੋਕ ਖੇਤਾਂ ਵਿੱਚ ਆ ਕੇ ਮੁਲਜ਼ਮਾਂ ਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕਰਨ ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਸਥਾਨਕ ਲੋਕ ਪਹੁੰਚੇ ਅਤੇ ਮੱਕੀ ਦੀ ਕਟਾਈ ਸ਼ੁਰੂ ਕਰ ਦਿੱਤੀ।
ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਬਰਨਾਲਾ ਵਿੱਚ ਤਿੰਨ ਮੁਲਜ਼ਮਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।