ਸੰਸਦ ਦੇ ਮੌਨਸੂਨ ਸੈਸ਼ਨ ਦੇ ਦੂਸਰੇ ਦਿਨ ਵੀ ਮਨੀਪੁਰ ਹਿੰਸਾ ਮੁੱਦੇ ‘ਤੇ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਮੈਂਬਰਾਂ ਨੇ ਮਨੀਪੁਰ ਹਿੰਸਾ ‘ਤੇ ਚਰਚਾ ਦੀ ਮੰਗ ਕੀਤੀ। ਇਸ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਹੰਗਾਮਾ ਹੋ ਗਿਆ। ਇਸ ਦੇ ਚੱਲਦਿਆਂ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨੀ ਪਈ। ਉੱਥੇ ਕਾਰਵਾਈ ਸ਼ੁਰੂ ਹੁੰਦਿਆਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਦਾ ਰੁਖ਼ ਸਪੱਸ਼ਟ ਕਰਦਿਆਂ ਦੁਹਰਾਇਆ ਕਿ ਉਹ ਚਰਚਾ ਲਈ ਤਿਆਰ ਹਨ। ਸੰਸਦੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, ‘ਮੈਂ ਵਿਰੋਧੀ ਧਿਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਵਾਰ-ਵਾਰ ਆਪਣਾ ਰੁਖ਼ ਨਾ ਬਦਲਣ ਅਤੇ ਮਨੀਪੁਰ ਘਟਨਾ ‘ਤੇ ਰਾਜਨੀਤੀ ਨਾ ਕਰਨ ਕਿਉਂਕਿ ਇਹ ਔਰਤਾਂ ਦੇ ਸਨਮਾਨ ਨੂੰ ਪ੍ਰਭਾਵਿਤ ਕਰਦੀ ਹੈ। ਉੱਤਰ-ਪੂਰਬ ਅਤੇ ਸਰਹੱਦੀ ਰਾਜਾਂ ਨਾਲ ਸਬੰਧਤ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਮੈਨੂੰ ਲੱਗਦਾ ਹੈ ਕਿ ਸੰਸਦ ਦਾ ਸੈਸ਼ਨ ਚੱਲਣਾ ਚਾਹੀਦਾ ਹੈ ਕਿਉਂਕਿ ਅਸੀਂ ਇਸ ਮੁੱਦੇ ‘ਤੇ ਚਰਚਾ ਕਰਨ ਲਈ ਤਿਆਰ ਹਾਂ।’
ਆਮ ਆਦਮੀ ਪਾਰਟੀ ਬੋਲੀ, ਮਨੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲੱਗੇ
ਮਨੀਪੁਰ ਮੁੱਦੇ ‘ਤੇ ਸੰਸਦ ‘ਚ ਹੋਏ ਹੰਗਾਮੇ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, ‘ਮਨੀਪੁਰ ‘ਚ ਹਿੰਸਾ ਨੇ ਸਾਡੀ ਸਮੂਹਿਕ ਜਮੀਰ ਨੂੰ ਝੰਜੋੜ ਦਿੱਤਾ ਹੈ। ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਨੀਂਦ ਤੋਂ ਜਾਗ ਕੇ ਮਨੀਪੁਰ ਮੁੱਦੇ ‘ਤੇ ਚਰਚਾ ਕਰੇ। ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਮਨੀਪੁਰ ‘ਚ ਕੀ ਹੋ ਰਿਹਾ ਹੈ? ਸਰਕਾਰ ਨੇ ਕੀ ਕੀਤਾ ਹੈ? ਅਸੀਂ ਚਾਹੁੰਦੇ ਹਾਂ ਕਿ ਮਨੀਪੁਰ ਦੀ ਬਦਨਾਮ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਅਤੇ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ।’