ਇੰਗਲੈਂਡ ਵਿੱਚ ਭਾਰਤੀ ਅੰਬੈਸੀ ‘ਤੇ ਕੀਤੇ ਹਮਲੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰੀ ਜਾਂਚ ਏਜੰਸੀ NIA ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ ਜਿਸ ਦੇ ਹੱਥ ਵੱਡੇ ਤੱਥ ਲੱਗੇ ਹਨ। NIA ਇੰਗਲੈਂਡ ਵਿੱਚ ਭਾਰਤੀ ਅੰਬੈਸੀ ‘ਤੇ ਹਮਲਾ ਕਰਨ ਵਾਲੇ ਖਾਲਿਸਤਾਨੀਆਂ ਦੀ ਪਛਾਣ ਕਰ ਲਈ ਹੈ। ਕੇਂਦਰੀ ਜਾਂਚ ਏਜੰਸੀ ਜਾਂਚ ਏਜੰਸੀ ਦੀ ਇਸ ਲਿਸਟ ਵਿੱਚ 19 ਖਾਲਿਸਤਾਨੀਆਂ ਦਾ ਨਾਮ ਹੈ। ਦੂਜੇ ਪਾਸੇ ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਭਾਰਤੀ ਅੰਬੈਸੀ ‘ਤੇ ਕੀਤੇ ਗਏ ਹਮਲੇ ‘ਚ ਵੀ NIA ਨੇ 4 ਖਾਲਿਸਤਾਨੀ ਹਮਲਾਵਰਾਂ ਦੀ ਪਛਾਣ ਕੀਤੀ ਹੈ।
19 ਮਾਰਚ ਨੂੰ ਲੰਡਨ ਵਿੱਚ ਭਾਰਤੀ ਦੂਤਾਵਾਸ ਸਾਹਮਣੇ ਖਾਲਿਸਤਾਨੀ ਪ੍ਰਦਰਸ਼ਨ ਕਰ ਰਹੇ ਸਨ। ਜਿਸ ਦੌਰਾਨ ਇੱਥੇ ਭਾਰਤੀ ਦੂਤਾਵਾਸ ‘ਤੇ 45 ਖਾਲਿਸਤਾਨੀਆਂ ਨੇ ਹਮਲਾ ਕਰ ਦਿੱਤਾ ਸੀ। ਇੰਗਲੈਂਡ ‘ਚ ਭਾਰਤੀ ਹਾਈ ਕਮਿਸ਼ਨ ‘ਚ ਹਿੰਸਕ ਪ੍ਰਦਰਸ਼ਨ ਅਤੇ ਤੋੜਫੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜਿਸ ਦੀ ਜਾਂਚ ਵੀ ਐਨ.ਆਈ.ਏ. ਕਰ ਰਹੀ ਹੈ।
ਨਿੱਝਰ ਦੀ ਮੌਤ ਤੋਂ ਬਾਅਦ ਭੜਕੇ ਖਾਲਿਸਤਾਨੀ !
ਓਧਰ ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ ‘ਚ 1 ਜੁਲਾਈ ਦੀ ਰਾਤ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ‘ਤੇ ਖ਼ਾਲਿਸਤਾਨੀ ਸਮਰਥਕਾਂ ਨੇ ਹਮਲਾ ਕਰਕੇ ਅੱਗ ਲਗਾ ਦਿੱਤੀ ਸੀ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਅਤੇ ਸਿੱਖ ਫਾਰ ਜਸਟਿਸ ਵੱਲੋਂ ਪੋਸਟਰ ਵੀ ਜਾਰੀ ਕੀਤੇ ਗਏ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੂੰ ਨਿਸ਼ਾਨਾ ਬਣਾਉਣ ਵਾਲੇ 4 ਖਾਲਿਸਤਾਨੀ ਸਮਰਥਕਾਂ ਦੀ ਵੀ ਪਛਾਣ ਕੀਤੀ ਹੈ। NIA ਨੇ ਇਨ੍ਹਾਂ ਸਾਰੇ ਪਛਾਣੇ ਖਾਲਿਸਤਾਨੀਆਂ ਲਈ ਇਮੀਗ੍ਰੇਸ਼ਨ ਵਿਭਾਗ ਤੋਂ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਸਿੱਖ ਫਾਰ ਜਸਟਿਸ ਦਾ ਪੋਸਟਰ ਵਾਰ !
ਸਿੱਖ ਫਾਰ ਜਸਟਿਸ (SFJ) ਨਾਲ ਜੁੜੇ ਖਾਲਿਸਤਾਨੀ ਸਮਰਥਕਾਂ ਨੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਦੀ ਇਮਾਰਤ ਵਿਚ ਦਾਖਲ ਹੋ ਕੇ ਕੈਨੇਡਾ ਵਿਚ ਮਾਰੇ ਗਏ ਮੋਸਟ ਵਾਂਟੇਡ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਗੁੱਸੇ ਵਿਚ ਅੱਗ ਲਗਾ ਦਿੱਤੀ ਸੀ। ਹਰੀਦਪ ਨਿੱਝਰ ਦੀ ਮੌਤ ਤੋਂ ਬਾਅਦ ਸਿੱਖ ਫਾਰ ਜਸਟਿਸ ਵੱਲੋਂ ਜਾਰੀ ਪੋਸਟਰਾਂ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰਾਲੇ ਦੇ ਹੋਰ ਅਧਿਕਾਰੀਆਂ ਦੀਆਂ ਤਸਵੀਰਾਂ ਲਗਾ ਕੇ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਖਾਲਿਸਤਾਨੀ ਸਮਰਥਕਾਂ ਨੇ 3 ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਚ ਅਜਿਹੇ ਪੋਸਟਰ ਜਾਰੀ ਕੀਤੇ ਸਨ।
ਕੈਨੇਡਾ ਜਾਵੇਗੀ NIA ਦੀ ਟੀਮ !
ਕੈਨੇਡਾ ਵਿੱਚ ਖਾਲਿਸਤਾਨੀਆਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਹਨ। ਇਨ੍ਹਾਂ ਸਾਰੀਆਂ ਖਾਲਿਸਤਾਨੀ ਗਤੀਵਿਧੀਆਂ ਦੀ ਜਾਂਚ ਲਈ ਐਨਆਈਏ ਦੀ ਟੀਮ ਅਗਲੇ ਮਹੀਨੇ ਕੈਨੇਡਾ ਜਾਵੇਗੀ। ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸਾਂ ‘ਤੇ ਹੋਏ ਹਮਲਿਆਂ ਦੀ ਜਾਂਚ ਲਈ NIA ਦੀ ਟੀਮ ਇੰਗਲੈਂਡ ਅਤੇ ਅਮਰੀਕਾ ਗਈ ਸੀ। ਉੱਥੇ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਛਾਣ ਕਰਨ ਤੋਂ ਬਾਅਦ ਹੁਣ ਕੈਨੇਡਾ ‘ਚ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੀ ਪਛਾਣ ਕਰਨ ਤੋਂ ਬਾਅਦ, NIA ਨੂੰ ਇਮੀਗ੍ਰੇਸ਼ਨ ਵਿਭਾਗ ਦੁਆਰਾ ਜਾਰੀ ਲੁੱਕ ਆਊਟ ਸਰਕੂਲਰ (LOC) ਪ੍ਰਾਪਤ ਹੋਵੇਗਾ।