ਕ੍ਰੇਮਲਿਨ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਨਾਲ ਸਬੰਧਤ ਖਬਰਾਂ ਨੂੰ ਰੱਦ ਕਰ ਦਿੱਤਾ। ਮੀਡੀਆ ‘ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਠੀਕ ਨਹੀਂ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਪੂਰੀ ਤਰ੍ਹਾਂ ਠੀਕ ਹਨ ਤੇ ਉਹ ਫਿੱਟ ਹਨ।
ਕ੍ਰੇਮਲਿਨ ਨੇ ਰਾਸ਼ਟਰਪਤੀ ਪੁਤਿਨ ਦੀ ਸਿਹਤ ਨਾਲ ਜੁੜੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਤੇ ਇਸ ਦਾ ਖੰਡਨ ਕੀਤਾ ਹੈ। ਇਸ ਤੋਂ ਪਹਿਲਾਂ ਇਕ ਟੈਲੀਗ੍ਰਾਮ ਚੈਨਲ ‘ਤੇ ਜਾਣਕਾਰੀ ਦਿੱਤੀ ਗਈ ਸੀ ਕਿ ਰਾਸ਼ਟਰਪਤੀ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਹ ਆਪਣੇ ਬੈੱਡਰੂਮ ‘ਚ ਡਿੱਗੇ ਮਿਲੇ ਹਨ।
ਦੱਸ ਦੇਈਏ ਕਿ ਰਾਸ਼ਟਰਪਤੀ ਪੁਤਿਨ 7 ਅਕਤੂਬਰ ਨੂੰ 71 ਸਾਲ ਦੇ ਹੋਏ ਹਨ ਤੇ ਉਨ੍ਹਾਂ ਨੇ ਹਾਲ ਹੀ ‘ਚ ਚੀਨ ਦਾ ਦੌਰਾ ਕੀਤਾ ਸੀ। ਚੀਨ ਦੇ ਦੌਰੇ ਤੋਂ ਪਰਤਣ ਤੋਂ ਬਾਅਦ ਉਹ ਰੂਸ ਦੇ ਦੋ ਸ਼ਹਿਰਾਂ ਵਿੱਚ ਰੁਕੇ ਸਨ।
ਜਾਣਕਾਰੀ ਮੁਤਾਬਕ ਟੈਲੀਗ੍ਰਾਮ ਚੈਨਲ SVR ਨੇ ਖਬਰ ਦਿੱਤੀ ਸੀ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਆਪਣੇ ਬੈੱਡਰੂਮ ਦੇ ਫਰਸ਼ ‘ਤੇ ਡਿੱਗੇ ਹੋਏ ਦੇਖਿਆ। ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹੀ ਹਾਲਤ ‘ਚ ਪਾਏ ਜਾਣ ‘ਤੇ ਤੁਰੰਤ ਡਾਕਟਰਾਂ ਨੂੰ ਬੁਲਾਇਆ ਗਿਆ ਸੀ।