ਹਰਿਆਣਾ-ਪੰਜਾਬ ਸਰਹੱਦ ਉਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਤਿਆਰੀਆਂ ਇਸ ਤਰ੍ਹਾਂ ਚੱਲ ਰਹੀਆਂ ਹਨ ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ। ਸਰਕਾਰ ਨੇ ਸਰਹੱਦ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬਲਕ ਵਿਚ ਐਸਐਮਐਸ ਨਹੀਂ ਭੇਜੇ ਜਾ ਸਕਦੇ ਹਨ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਦੀ ਸਖਤੀ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਕੇ ਆਖਿਆ ਹੈ, ‘ਓ ਮੋਦੀ ਸਾਬ! ਇਹ ਪੰਜਾਬ ਏ ਪੰਜਾਬ ਚੀਕਾਂ ਕਢਵਾ ਦੇਵੇਗਾ ਚੀਕਾਂ! ਤੁਸੀਂ ਲੋਕਤੰਤਰ ਖ਼ਤਮ ਕਰਨਾ ਚਾਹੁੰਦੇ ਹੋ? ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਉੱਤੇ ਭਾਰੀ ਫੋਰਸ ਲਗਾ ਕੇ ਤੁਸੀਂ ਜ਼ੋਰ ਜ਼ਬਰਦਸਤੀ ਨਾਲ ਅੰਨਦਾਤਾ ਨੂੰ ਰੋਕਣਾ ਚਾਹੁੰਦੇ ਹੋ? ਕਿਸਾਨ ਇਹ ਨਹੀਂ ਹੋਣ ਦੇਵੇਗਾ। ਇਹ ਗੱਲ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ।’’
ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਦਰਿਆ ਦੇ ਅੰਦਰ ਖ਼ੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਇਸ ਵਿਚੋਂ ਟਰੈਕਟਰ ਲੈ ਕੇ ਨਾ ਲੰਘ ਸਕਣ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਟੁਕੜੀ ਵੀ ਸ਼ੰਭੂ ਸਰਹੱਦ ’ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੰਬਾਲਾ ਤੇ ਪਟਿਆਲਾ ਪੁਲਿਸ ਨੇ ਸ਼ੰਭੂ ਬੈਰੀਅਰ ’ਤੇ ਵੱਡੀਆਂ ਰੋਕਾਂ ਲਾ ਕੇ ਕੌਮੀ ਮਾਰਗ ਬੰਦ ਕਰ ਦਿੱਤਾ ਹੈ।