ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ‘ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ‘ਚ ਹੋ ਗਿਆ ਹੈ। ਲੰਘੇ ਸ਼ਨੀਵਾਰ ਨੂੰ ਅਰਦਾਸ ਬੇਨਤੀ ਨਾਲ ਲੰਡਨ ਵਿੱਚ ਦੁਨੀਆਂ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋ ਗਈ ਹੈ। ਲੰਡਨ ਦੇ ਲਿੰਕਨ ਇਨ ਦੇ ਓਲਡ ਹਾਲ ਵਿੱਚ ਇੱਕ ਸਮਾਰੋਹ ਵਿੱਚ ਸਿੱਖ ਅਦਾਲਤ ਦਾ ਉਦਘਾਟਨ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ। ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਐਡਵੋਕੇਟ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਸੰਘਰਸ਼ਾਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਲੋੜ ਦੇ ਸਮੇਂ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਹੈ।
ਇਹ ਨਵੀਂ ਸਿੱਖ ਅਦਾਲਤ ਵਿਅਕਤੀਗਤ ਤੌਰ ‘ਤੇ ਕੰਮ ਕਰੇਗੀ, ਅਤੇ ਇਸ ਵਿੱਚ ਲਗਭਗ 30 ਮੈਜਿਸਟ੍ਰੇਟਸ ਅਤੇ 15 ਜੱਜ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹੋਣਗੀਆਂ। ਇੱਕ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੈਜਿਸਟ੍ਰੇਟ ਕਿਸੇ ਵੀ ਵਿਵਾਦ ‘ਤੇ ਸਮਝੌਤੇ ਲਈ ਗੱਲਬਾਤ ਕਰਨ ਲਈ ਦੋਵੇਂ ਪਾਰਟੀਆਂ ਵਿਚਕਾਰ ਵਿਚੋਲਗੀ ਕਰਨਗੇ, ਤੇ ਫੇਰ ਜੱਜ ਕੋਲ ਸਾਰਾ ਵਿਵਾਦ ਲੈ ਕੇ ਜਾਣਗੇ।
ਇਹ ਅਦਾਲਤ ਸਿੱਖਾਂ ਦੇ ਪਰਿਵਾਰਿਕ ਤੇ ਸਿਵਲ ਝਗੜਿਆਂ ਨੂੰ ਹੱਲ ਕਰਨ ਲਈ ਇੱਕ ਆਪਸ਼ਨਲ ਫੌਰਮ ਵਜੋਂ ਕੰਮ ਕਰੇਗਾ। ਯਾਨੀ ਕਿ ਕੋਈ ਵੀ ਸਿੱਖ ਇੱਥੇ ਆਪਣਾ ਮਸਲਾ ਹੱਲ ਕਰਵਾ ਸਕੇਗਾ। ਲੰਡਨ ਦੀਆਂ ਦੂਜੀਆਂ ਅਦਾਲਤਾਂ ਆਪਣਾ ਕੰਮ ਆਪਣੇ ਪੱਧਰ ’ਤੇ ਕਰਦੀਆਂ ਰਹਿਣਗੀਆਂ।
ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਅਦਾਲਤ ਘਰੇਲੂ ਹਿੰਸਾ, ਜੂਏਬਾਜ਼ੀ ਅਤੇ ਨਸ਼ਾਖੋਰੀ ਵਰਗੇ ਮਾਮਲਿਆਂ ਨਾਲ ਨਜਿੱਠੇਗੀ। ਜੇ ਇਹਨਾਂ ਮਾਮਲਿਆਂ ਵਿੱਚ ਵਿਚੋਲਗੀ ਅਸਫਲ ਰਹਿੰਦੀ ਹੈ, ਤਾਂ ਕੇਸ ਅਦਾਲਤ ਦੇ ਜੱਜ ਸਾਹਮਣੇ ਲਿਆਂਦਾ ਜਾ ਸਕਦਾ ਹੈ।ਇਸ ਤੋਂ ਬਾਅਦ ਆਰਬਿਟਰੇਸ਼ਨ ਐਕਟ ਤਹਿਤ ਕਾਨੂੰਨੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਅਦਾਲਤ ਦਾ ਮਕਸਦ ਅੰਗਰੇਜ਼ੀ ਅਦਾਲਤਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਤੰਗ ਕਰਨਾ ਨਹੀਂ ਹੈ। ਅਸੀਂ ਬੱਸ ਸਿੱਖਾਂ ਦੇ ਮਸਲੇ ਵੱਖਰੇ ਤੌਰ ‘ਤੇ ਹੱਲ ਕਰਨਾ ਚਾਹੁੰਦੇ ਹਾਂ।