ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮਨ ਚਾਂਡੀ ਦੀ ਯਾਦ ਵਿੱਚ ਸਥਾਪਤ ‘ਓਮਨ ਚਾਂਡੀ ਲੋਕ ਸੇਵਕ ਪੁਰਸਕਾਰ’ ਵਾਸਤੇ ਚੁਣਿਆ ਗਿਆ ਹੈ। ‘ਓਮਨ ਚਾਂਡੀ ਫਾਊਂਡੇਸ਼ਨ’ ਨੇ ਪਹਿਲੇ ‘ਓਮਨ ਚਾਂਡੀ ਲੋਕ ਸੇਵਕ ਪੁਰਸਕਾਰ’ ਦਾ ਐਲਾਨ ਆਗੂ ਦੀ ਪਹਿਲੀ ਬਰਸੀ ਤੋਂ ਤਿੰਨ ਦਿਨਾਂ ਬਾਅਦ ਅੱਜ ਕੀਤਾ। ਇਸ ਪੁਰਸਕਾਰ ਦੇ ਜੇਤੂ ਨੂੰ ਇਕ ਲੱਖ ਰੁਪਏ ਅਤੇ ਪ੍ਰਸਿੱਧ ਕਲਾਕਾਰ ਤੇ ਫਿਲਮ ਨਿਰਮਾਤਾ ਨੇਮਮ ਪੁਸ਼ਪਰਾਜ ਵੱਲੋਂ ਬਣਾਈ ਗਈ ਮੂਰਤੀ ਦਿੱਤੀ ਜਾਵੇਗੀ। ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਇਕ ਕੌਮੀ ਆਗੂ ਹਨ ਜਿਨ੍ਹਾਂ ਨੇ ‘ਭਾਰਤ ਛੱਡੋ ਯਾਤਰਾ’ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੱਢਿਆ। ਬਿਆਨ ਵਿੱਚ ਦੱਸਿਆ ਗਿਆ ਕਿ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਿੱਚ ਇਕ ਮਾਹਿਰ ਜਿਊਰੀ ਨੇ ਪੁਰਸਕਾਰ ਜੇਤੂ ਦੀ ਚੋਣ ਕੀਤੀ। –
previous post