ਪੰਜਾਬ ਦੀ ਗੁਆਚੀ ਰੂਹ ਦੀ ਭਾਲ ‘ਚ ਨਿਕਲਿਆ ਪਿੰਡ ਹਰੀਕੇ ਕਲਾਂ ਦੀ ਧਰਤੀ ਦਾ ਕਾਫਲਾ
-(ਬਾਬਾ ਲੰਗਰ ਸਿੰਘ ਸੇਵਾ ਕਲੱਬ ਦੇ ਜਤਨਾਂ ਨਾਲ ਕੀਤੇ ਜਾ ਰਹੇ ਨੇ ਲੋਕ ਭਲਾਈ ਦੇ ਕੰਮ)
ਉਹ ਬੰਦੇ ਯਕੀਨਨ ਰੱਬ ਦੇ ਬੰਦੇ ਹੁੰਦੇ ਨੇ ਜੋ ਵਹਿੰਦੀ ਅੱਗ ਤੋਂ ਉਲਟ ਠੰਡੀ ਹਵਾ ਦਾ ਬੁੱਲ੍ਹਾ ਬਣਦੇ ਨੇ।ਅਜਿਹਾ ਕੰਮ ਉਹੀ ਕਰ ਸਕਦੇ ਨੇ ਜੋ ਸੰਵੇਦਨਸ਼ੀਲ ਹੋਣ, ਜੋ ਲੋਕਾਈ ਦਾ ਦਰਦ ਸਮਝਦੇ ਹੋਣ ਤੇ ਜੋ ਸੱਚਮੁਚ ਸਰਬੱਤ ਦਾ ਭਲਾ ਮੰਗਣ ਵਾਲੇ ਹੋਣ, ਜੋ ਅਦਬ ਦੇ ਲੋਕ ਹੋਣ। ਅਜੋਕਾ ਪਦਾਰਥਵਾਦੀ ਦੌਰ ਅਜਿਹਾ ਚੱਲ ਰਿਹਾ ਹੈ ਕਿ ਸਾਰੇ ਪਾਸੇ ਉਥਲ-ਪੁਥਲ ਮੱਚੀ ਪਈ ਹੈ।ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਚਰਨਹੀਨਤਾ, ਝੂਠੇ ਮੁਕੱਦਮੇ, ਫਿਰਕਾਪ੍ਰਸਤੀ, ਕਤਲੋ ਗਾਰਤ। ਅਖਬਾਰ ਖੋਲ੍ਹਦਿਆਂ ਤੇ ਟੈਲੀਵਿਜ਼ਨ ਦਾ ਬਟਨ ਦੱਬਦਿਆਂ ਹੀ ਮਨ ਦੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੀ ਧਰਤੀ ਦੇ ਲੋਕ ਅਜਿਹੇ ਕਿਉਂ ਹੋ ਗਏ। ਅਜਿਹੇ ਵਿੱਚ ਅਦਬੀ ਲੋਕਾਂ ਵੱਲੋਂ ਕੀਤਾ ਕੋਈ ਉਪਰਾਲਾ ਸਕੂਨ ਦੇ ਜਾਂਦਾ ਹੈ ਤੇ ਜਾਪਦਾ ਹੈ ਕਿ ਹਨੇਰੇ ਵਿੱਚ ਰੋਸ਼ਨੀ ਦੀ ਕਿਰਨ ਅਜੇ ਬਾਕੀ ਹੈ।
ਕੋਈ ਪੁਰਖਿਆਂ ਦੀ ਆਸੀਸ ਹੈ ਕਿ ਖਤਮ ਨਹੀਂ ਹੋਵੇਗੀ। ਮਾਲਵੇ ਦੀ ਧਰਤੀ ਤੇ ਵੱਸਿਆ ਮੁਕਤਸਰ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਹਰੀਕੇ ਕਲਾਂ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਸਾਹਿਤਕ ਚੇਟਕ ਲਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਕਰ ਰਿਹਾ ਹੈ। ਇਸ ਸਾਹਿਤਕ ਮੇਲੇ ਦੀ ਵਿਸ਼ੇਸ਼ ਤੌਰ ਤੇ ਗੱਲ ਇਸ ਲਈ ਕਰਨੀ ਬਣਦੀ ਹੈ ਕਿ ਇਕ ਛੋਟਾ ਜਿਹਾ ਪਿੰਡ ਹੋਛੀ ਗਾਇਕੀ ਦੇ ਅਖਾੜੇ ਲਾਉਣ ਦੀ ਥਾਂ ਸਾਹਿਤਕ ਮੇਲੇ ਲਾ ਕੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੀ ਕੋਸ਼ਸ਼ ਕਰ ਰਿਹਾ ਹੈ।ਹਰ ਸਾਲ ਉੱਚ ਕੋਟੀ ਦੇ ਬੁਲਾਰਿਆਂ, ਸਮਾਜ ਸੇਵੀਆਂ ਤੇ ਸਾਹਿਤਕਾਰਾਂ ਵੱਲੋਂ ਸਮਾਜ ਨੂੰ ਸੁਚੱਜੀ ਸੇਧ ਦੇਣ ਦਾ ਪੁਰਜ਼ੋਰ ਜਤਨ ਕੀਤਾ ਜਾਂਦਾ ਹੈ। ਪਹਿਲੀ ਸ਼ੁਰੂਆਤ ਉਲਿਖਤੁਮ ਮੇਰਾ ਪਿੰਡ” ਨਾਮਕ ਕਿਤਾਬ ਲਿਖ ਕੇ ਕੀਤੀ ਗਈ । ਇਹਨਾਂ ਕੰਮਾਂ ਦੀ ਸ਼ੁਰੂਆਤ ਦਾ ਸਿਹਰਾ ਪਿੰਡ ਦੇ ਸੱਜਣ ਵਿਅਕਤੀ ਕਰਨ ਬਰਾੜ ਨੂੰ ਜਾਂਦਾ ਹੈ ਜੋ ਅੱਜਕੱਲ੍ਹ ਆਸਟਰੇਲੀਆ ਵਿਖੇ ਰਹਿ ਰਹੇ ਹਨ। ਦਸ ਤੋਂ ਪੰਦਰਾਂ ਕੁ ਮੈਂਬਰਾਂ ਦਾ ਇਹ ਕਲੱਬ, ਪ੍ਰਧਾਨ ਜਸਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਕੰਮ ਕਰ ਰਿਹਾ ਹੈ।
ਕਲੱਬ ਦੇ ਮੈਂਬਰ ਹਰ ਕੰਮ ਦੀ ਸ਼ੁਰੂਆਤ ਆਪਣੀ ਜੇਬ ਤੋਂ ਕਰਕੇ ਪਿੰਡ ਦੇ ਐਨ.ਆਰ.ਆਈ ਸੱਜਣਾਂ ਤੇ ਦਾਨੀ ਸੱਜਣਾਂ ਤੱਕ ਪਹੁੰਚ ਕਰਦੇ ਹਨ। ਸਾਹਿਤਕ ਕੰਮਾਂ ਤੋਂ ਇਲਾਵਾ ਕਲੱਬ ਵੱਲੋਂ ਨਸ਼ਾ ਰੋਕੂ ਮੁਹਿੰਮ ਚਲਾਉਣਾ, ਪਿੰਡ ਵਿੱਚ ਖੇਡਾਂ ਕਰਵਾਉਣੀਆਂ,ਖੂਨਦਾਨ ਕੈਂਪ ਲਾਉਣਾ, ਸਿੱਖਿਆ ਦੇ ਖੇਤਰ ਤੇ ਉਸਾਰੂ ਸੋਚ ਨਾਲ ਕੰਮ ਕਰ ਰਹੇ ਵਿਅਕਤੀਆਂ, ਅਧਿਆਪਕਾਂ ਅਤੇ ਬੱਚਿਆਂ ਨੂੰ ਸਨਮਾਨਿਤ ਕਰਨਾ, ਵਾਤਾਵਰਨ ਜਾਗਰੂਕਤਾ ਆਦਿ ਕੰਮ ਵੀ ਕੀਤੇ ਜਾ ਰਹੇ ਹਨ। ਬੇਸ਼ੱਕ ਅਜਿਹੇ ਕੰਮਾਂ ਲਈ ਹਜ਼ਾਰਾਂ ਮੁਸ਼ਕਲਾਂ ਆਉਂਦੀਆਂ ਹਨ, ਪਰ ਇਹਨਾਂ ਵਿਅਕਤੀਆਂ ਦਾ ਸਮਾਜ ਸੇਵਾ ਦਾ ਜਜ਼ਬਾ ਕਦੇ ਘੱਟ ਨਹੀਂ ਹੋਇਆ।
2015 ਤੋਂ ਸ਼ੁਰੂ ਕੀਤੇ ਇਸ ਮੇਲੇ ਵਿੱਚ ਹੁਣ ਤੱਕ ਉਹ ਉੱਚ ਸ਼ਖਸੀਅਤਾਂ ਸ਼ਾਮਲ ਹੋ ਚੁੱਕੀਆਂ ਹਨ ਜਿਹਨਾਂ ਨੇ ਪੰਜਾਬ ਵਿਚ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਅਣਥੱਕ ਕੰਮ ਕੀਤਾ ਹੈ। ਇਹਨਾਂ ਵਿੱਚੋਂ ਹੁਣ ਤੱਕ ਸੁਸ਼ੀਲ ਦੁਸਾਂਝ,ਬਲਦੇਵ ਸਿੰਘ ਸੜਕਨਾਮਾ, ਕਿਰਪਾਲ ਸਿੰਘ ਕਜ਼ਾਕ, ਜਗਜੀਤ ਸਿੰਘ ਮਾਨ, ਪ੍ਰਸਿੱਧ ਸਮਾਜ ਸੇਵੀ ਕੈਪਟਨ ਧਰਮ ਸਿੰਘ,ਹਰਪਾਲ ਪੰਨੂ ,ਗਾਇਕ ਹਰਭਜਨ ਮਾਨ ਅਤੇ ਹਰਿੰਦਰ ਸੰਧੂ ਵਰਗੀਆਂ ਹਸਤੀਆਂ ਆਪਣੀ ਮਹਿਕ ਖਿਲਾਰ ਚੁੱਕੀਆਂ ਹਨ।ਇਸ ਮੇਲੇ ਦਾ ਅੱਧਾ ਸਮਾਂ ਪ੍ਰਗਤੀਵਾਦੀ ਨਾਟਕਾਂ ਦੇ ਹਿੱਸੇ ਹੁੰਦਾ ਹੈ, ਜਿਸ ਵਿੱਚ ਮੇਘਰਾਜ ਰੱਲਾ ਦੀ ਟੀਮ ਨਾਟਕ ਖੇਡਦੀ ਰਹੀ ਹੈ ਅਤੇ ਤਰਕਸ਼ੀਲ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸੇ ਤੋਰ ਤੁਰਦਿਆਂ ਇਸ ਵਾਰ ਕੀਰਤੀ ਕਿਰਪਾਲ ਦੇ ਨਾਟਿਯਮ ਵੱਲੋਂ ਗੁਰਮੀਤ ਕੜਿਆਲਵੀ ਦਾ ਲਿਖਿਆ ਨਾਟਕ ‘ਸਾਰੰਗੀ’ ਪੇਸ਼ ਕੀਤਾ ਗਿਆ। 2019 ਦੇ ਪੰਜਵੇਂ ਮੇਲੇ ਵਿੱਚ ਕੇਂਦਰੀ ਤੌਰ ਤੇ ਬੌਧਿਕ ਸੰਵਾਦ ਭਾਰੂ ਰਿਹਾ ਤਾਂ ਜੋ ਸਮਾਜ ਵਿੱਚੋਂ ਖਤਮ ਹੋ ਰਹੀ ਸੰਵੇਦਨਸ਼ੀਲਤਾ ਨੂੰ ਨਵਾਂ ਹੁਲਾਰਾ ਦਿੱਤਾ ਜਾ ਸਕੇ। ਮੇਲੇ ਵਿੱਚ ਹਰ ਰੰਗ ਵੇਖਣ ਨੂੰ ਮਿਲਿਆ। ਉੱਚ ਪਾਏ ਦੀ ਗਾਇਕੀ-ਪ੍ਰਸਿੱਧ ਗਾਇਕ ਗੁਰਵਿੰਦਰ ਬਰਾੜ, ਗਿੱਲ ਹਰਦੀਪ ਅਤੇ ਸੁਖਵਿੰਦਰ ਸਾਰੰਗ ਵੱਲੋਂ ਪੇਸ਼ ਕੀਤੀ ਗਈ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਜਤਿੰਦਰ ਪੰਨੂ ਜੀ ਅਤੇ ਡਾ. ਹਰਸ਼ਿੰਦਰ ਕੌਰ ਵਰਗੇ ਨਿਧੜਕ ਬੁਲਾਰੇ ਸਨ ਜੋ ਪੰਜਾਬ ਅਤੇ ਭਾਰਤ ਵਿੱਚ ਹੀ ਨਹੀਂ ਬਲਕਿ ਜਿਹੜੇ ਵਿਦੇਸ਼ਾਂ ਤੱਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਰਦੇ ਹਨ, ਉਹਨਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਨੂੰ ਹਲੂਣਾ ਦਿੱਤਾ ਤੇ ਆਪਣੇ ਵਿਰਸੇ ਦੀ ਅਹਿਮੀਅਤ ਨੂੰ ਸਮਝਣ ਤੇ ਜ਼ੋਰ ਦਿੱਤਾ।ਪੰਜਾਬ ਦੀ ਠੇਠ ਰਹਿਤਲ ਨਾਲ ਜੁੜਿਆ ਤੇ ਕ੍ਰਾਂਤੀਕਾਰੀ ਗਾਇਕ ਜਗਸੀਰ ਜੀਦਾ ਜਿਸਨੇ ਆਪਣੀਆਂ ਵਿਅੰਗਮਈ ਬੋਲੀਆਂ ਰਾਹੀਂ ਧਾਰਮਿਕ ਭੇਖਾਂ ਤੇ ਰਾਜਨੀਤਕ ਗਿਰਾਵਟ ਤੇ ਵਿਅੰਗ ਕਰਕੇ ਖੂਬ ਰੰਗ ਬੰਨ੍ਹਿਆ। ਲੱਖਾ ਸਿਧਾਣਾ ਨੇ ਪੰਜਾਬ ਤੇ ਪੰਜਾਬੀ ਬਾਰੇ ਸੁਆਲ ਚੁੱਕੇ।
ਸਮਾਜ ਨੂੰ ਸੋਹਣਾ ਬਣਾਉਣ ਵਾਲੀਆਂ ਤੇ ਉਸਾਰੂ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ। ਪਿੰਡਾਂ ਨੂੰ ਸੋਹਣਾ ਬਣਾਉਣ ਵਾਲੀਆਂ ਪੰਚਾਇਤਾਂ ਦਾ ਸਨਮਾਨ ਕੀਤਾ ਗਿਆ ਜੋ ਕਿ ਇਸ ਵਾਰ ਪਿੰਡ ਰਣਸ਼ੀਂਹ ਸਿੰਘ ਵਾਲਾ ਤੇ ਪਿੰਡ ਸੱਕਾਂ ਵਾਲੀ ਨੂੰ ਦਿੱਤਾ ਗਿਆ। ‘ਬੀੜ ਸੁਸਾਇਟੀ ਫਰੀਦਕੋਟ’ ਵੱਲੋਂ ਵਾਤਾਵਰਨ ਸਬੰਧੀ ਪ੍ਰਦਰਸ਼ਨੀ, ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਪੇਂਟਿੰਗ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਉੱਘੇ ਅਲੋਚਕ, ਚਿੰਤਕ ਤੇ ਸ਼ਾਇਰ ਡਾ. ਦੇਵਿੰਦਰ ਸੈਫੀ ਦੀ ਅਗਵਾਈ ਤੇ ਸਹਿਯੋਗ ਸਦਕਾ ਇਹ ਸਾਹਿਤਕ ਮੇਲਾ ਨਵੇਂ ਦਿਸਹੱਦੇ ਸਥਾਪਿਤ ਕਰਨ ਦੀ ਕੋਸ਼ਸ਼ ਕਰ ਰਿਹਾ ਹੈ। ਹਰ ਸਾਲ ਇਸਦੇ ਮਿਆਰ ਵਿੱਚ ਵਾਧਾ ਹੋ ਰਿਹਾ ਹੈ। ਉੱਚੀ ਤੇ ਸੁੱਚੀ ਸੋਚ ਲੈ ਕੇ ਤੁਰੇ ਇਸ ਪਿੰਡ ਦੇ ਪਾਂਧੀ ਹੋਰਨਾਂ ਪਿੰਡਾਂ ਲਈ ਚਾਨਣ ਮੁਨਾਰਾ ਹਨ।
ਪਰਮਜੀਤ ਕੌਰ ਸਰਾਂ
ਕੋਟਕਪੂਰਾ