ਅਮਰੀਕੀ ਖੋਜ ਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਅਡਾਨੀ ਸਮੂਹ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਸਵਿੱਸ ਬੈਂਕ ਖਾਤਿਆਂ ਵਿੱਚ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ। ਹਾਲਾਂਕਿ, ਅਡਾਨੀ ਸਮੂਹ ਨੇ ਦੋਸ਼ਾਂ ਨੂੰ ਆਧਾਰਹੀਣ ਦੱਸਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਹਿੰਡਨਬਰਗ ਰਿਸਰਚ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਸਵਿਟਜ਼ਰਲੈਂਡ ਦੀ ਮੀਡੀਆ ਕੰਪਨੀ ਵਿੱਚ ਜਾਰੀ ਸਵਿੱਸ ਅਧਰਾਧਿਕ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਵਿੱਸ ਅਧਿਕਾਰੀਆਂ ਨੇ ਅਡਾਨੀ ਨਾਲ ਸਬੰਧਤ ਮਨੀ ਲਾਂਡਰਿੰਗ ਅਤੇ ਸਕਿਓਰਟੀਜ਼ ਵਿੱਚ ਜਾਅਲਸਾਜ਼ੀ ਦੀ ਜਾਂਚ ਤਹਿਤ ਸਵਿੱਸ ਬੈਂਕ ਖਾਤਿਆਂ ਵਿੱਚ ਰੱਖੇ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ। ਇਹ ਜਾਂਚ 2021 ਵਿੱਚ ਹੋਈ ਸੀ।’’ ਹਿੰਡਨਬਰਗ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ, ‘‘ਸਰਕਾਰੀ ਧਿਰ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਅਡਾਨੀ ਦੇ ਇਕ ਪ੍ਰਮੁੱਖ ਵਿਅਕਤੀ ਨੇ ਅਪਾਰਦਰਸ਼ੀ ਬੀਵੀਆਈ/ਮੌਰਿਸ਼ਸ ਅਤੇ ਬਰਮੂਡਾ ਫੰਡ ਵਿੱਚ ਨਿਵੇਸ਼ ਕੀਤਾ। ਇਸ ਵਿੱਚ ਜ਼ਿਆਦਾਤਰ ਅਡਾਨੀ ਦੇ ਸ਼ੇਅਰ ਸਨ।’’ ਇਸੇ ਵਿਚਾਲੇ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਆਧਾਰ ਦੱਸਦੇ ਹੋਏ ਕਿਹਾ ਕਿ ਉਸ ਦਾ ਸਵਿਟਜ਼ਰਲੈਂਡ ਵਿੱਚ ਕਿਸੇ ਵੀ ਅਦਾਲਤੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੈ। ਸਮੂਹ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਇਨ੍ਹਾਂ ਨਿਰਆਧਾਰ ਦੋਸ਼ਾਂ ਨੂੰ ਸਪੱਸ਼ਟ ਤੌਰ ’ਤੇ ਅਸਵੀਕਾਰ ਕਰਦੇ ਹਾਂ। ਅਡਾਨੀ ਸਮੂਹ ਦਾ ਕਿਸੇ ਵੀ ਸਵਿੱਸ ਅਦਾਲਤੀ ਕਾਰਵਾਈ ਵਿੱਚ ਕੋਈ ਸਬੰਧ ਨਹੀਂ ਹੈ, ਨਾ ਹੀ ਸਾਡੀ ਕੰਪਨੀ ਦੇ ਕਿਸੇ ਵੀ ਖਾਤੇ ਨੂੰ ਕਿਸੇ ਅਥਾਰਿਟੀ ਨੇ ਜ਼ਬਤ ਕੀਤਾ ਹੈ।’’