ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਅਤੇ ਰੁਝਾਨਾ ਮੁਤਾਬਕ ਹਾਕਮ ਮਹਾਯੁਤੀ ਗੱਠਜੋੜ ਮਹਾਂ-ਜਿੱਤ ਦਰਜ ਕਰਦਾ ਹੋਇਆ ਜ਼ੋਰਦਾਰ ਬਹੁਮਤ ਵੱਲ ਸੱਤਾ ਬਹਾਲ ਰੱਖਦਾ ਦਿਖਾਈ ਦੇ ਰਿਹਾ ਹੈ, ਜਦੋਂਕਿ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲਾ ਵਿਰੋਧੀ ਗੱਠਜੋੜ MVA 50 ਕੁ ਸੀਟਾਂ ਉਤੇ ਹੀ ਪਛੜਦਾ ਦਿਖਾਈ ਦੇ ਰਿਹਾ ਹੈ। ਸੂਬਾਈ ਵਿਧਾਨ ਸਭਾ ਦੀਆਂ ਕੁਝ 288 ਸੀਟਾਂ ਹਨ ਅਤੇ ਕਿਸੇ ਵੀ ਧਿਰ ਨੂੰ ਸਰਕਾਰ ਬਣਾਉਣ ਲਈ ਘੱਟੋ-ਘੱਟ 145 ਸੀਟਾਂ ਦੀ ਲੋੜ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਆਖ਼ਰੀ ਰਿਪੋਰਟਾਂ ਮਿਲਣ ਤੱਕ ਮਹਾਯੁਤੀ ਗੱਠਜੋੜ 229 ਸੀਟਾ ਉਤੇ ਅੱਗੇ ਚੱਲ ਰਿਹਾ ਹੈ। ਗੱਠਜੋੜ ਦੀ ਅਗਵਾਈ ਕਰ ਰਹੀ ਭਾਜਪਾ ਨੇ ਹੁਣ ਤੱਕ ਐਲਾਨੇ ਗਏ ਕੁੱਲ 131 ਨਤੀਜਿਆਂ ਵਿਚੋਂ 55 ਸੀਟਾਂ ਜਿੱਤ ਲਈਆਂ ਹਨ ਅਤੇ ਪਾਰਟੀ 78 ਸੀਟਾਂ ਉਤੇ ਅੱਗੇ ਚੱਲ ਰਹੀ ਹੈ ਅਤੇ ਪਾਰਟੀ ਇਕੱਲਿਆਂ ਹੀ ਬਹੁਮਤ ਹਾਸਲ ਕਰਨ ਦੀ ਸਥਿਤੀ ਵਿਚ ਹੈ। ਮਹਾਯੁਤੀ ਦੀ ਦੂਜੀ ਭਾਈਵਾਲ ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ (SHS) ਨੇ 27 ਸੀਟਾਂ ਜਿੱਤ ਲਈਆਂ ਹਨ ਤੇ ਇਹ 29 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (NCP) 25 ਸੀਟਾਂ ਜਿੱਤ ਕੇ ਹੋਰ 16 ਉਤੇ ਅੱਗੇ ਚੱਲ ਰਹੀ ਹੈ।
ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (MVA) ਵਿਚੋਂ ਉਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) 11 ਸੀਟਾਂ ਜਿੱਤ ਕੇ ਹੋਰ 9 ਸੀਟਾਂ (ਕੁੱਲ 20) ਉਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ ਤੇ ਇਹ ਹੋਰ 10 ਸੀਟਾਂ (ਕੁੱਲ 15) ਉਤੇ ਅੱਗੇ ਚੱਲ ਰਹੀ ਹੈ। ਸ਼ਰਦ ਪਵਾਰ ਦੀ ਅਗਵਾਈ ਵਾਲੀ NCPSP 6 ਸੀਟਾਂ ਜਿੱਤ ਲਈਆਂ ਹਨ ਤੇ ਇਹ ਹੋਰ ਚਾਰ ਸੀਟਾਂ ਉਤੇ ਅੱਗੇ ਹੈ। ਸਮਾਜਵਾਦੀ ਪਾਰਟੀ ਵੀ 2 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਹੈ ਤੇ ਇਕ ਸੀਟ ਸੀਪੀਐਮ ਨੇ ਜਿੱਤੀ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ ਹੈ। ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਕੇਂਦਰਾਂ ‘ਤੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਜਾਂਚ ਅਤੇ ਗਿਣਤੀ ਸ਼ੁਰੂ ਕੀਤੀ, ਈਵੀਐਮ ਵੋਟਾਂ ਦੀ ਗਿਣਤੀ ਸਵੇਰੇ 8.30 ਵਜੇ ਸ਼ੁਰੂ ਹੋਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਵਿੱਚ ਗਿਣਤੀ ਦੇ ਘੱਟੋ-ਘੱਟ 20 ਗੇੜ ਹੋਣਗੇ। 20 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਅੰਤਿਮ ਮਤਦਾਨ 66.05 ਪ੍ਰਤੀਸ਼ਤ ਸੀ, ਜੋ ਕਿ 2019 ਵਿੱਚ 61.1 ਪ੍ਰਤੀਸ਼ਤ ਸੀ।
288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 145 ਹੈ। ਮੌਜੂਦਾ ਰਾਜ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ।