ਦੁਬਈ-ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੱਜ ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋਅ ਰੂਟ ਦੇ ਨਾਲ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਟੈਸਟ ਕ੍ਰਿਕਟਰ ਆਫ ਦਿ ਯੀਅਰ (ਸਾਲ ਦਾ ਸਰਬੋਤਮ ਟੈਸਟ ਕ੍ਰਿਕਟਰ) ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇੰਗਲੈਂਡ ਦਾ ਇੱਕ ਹੋਰ ਬੱਲੇਬਾਜ਼ ਹੈਰੀ ਬਰੁੱਕ ਅਤੇ ਸ੍ਰੀਲੰਕਾ ਦਾ ਕਮਿੰਡੂ ਮੈਂਡਿਸ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਬੁਮਰਾਹ 2024 ਵਿੱਚ ਟੈਸਟ ਕ੍ਰਿਕਟ ’ਚ ਸਰਬੋਤਮ ਗੇਂਦਬਾਜ਼ ਰਿਹਾ ਹੈ। ਉਸ ਨੇ 13 ਮੈਚਾਂ ਵਿੱਚ 14.92 ਦੀ ਔਸਤ ਅਤੇ 30.16 ਦੀ ਸਟ੍ਰਾਈਕ ਰੇਟ ਨਾਲ 71 ਵਿਕਟਾਂ ਲਈਆਂ ਹਨ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਮੌਜੂਦਾ ਬਾਰਡਰ-ਗਾਵਸਕਰ ਟਰਾਫੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਲੜੀ ਵਿੱਚ ਉਸ ਨੇ ਚਾਰ ਟੈਸਟ ਮੈਚਾਂ ’ਚ 30 ਵਿਕਟਾਂ ਲਈਆਂ ਹਨ। ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘2023 ਵਿੱਚ ਪਿੱਠ ਦੀ ਸੱਟ ਤੋਂ ਉਭਰਨ ਮਗਰੋਂ ਟੈਸਟ ਕ੍ਰਿਕਟ ’ਚ ਵਾਪਸੀ ਕਰਨ ਵਾਲੇ ਬੁਮਰਾਹ ਨੇ 2024 ’ਚ ਦਬਦਬਾ ਬਣਾਇਆ। ਕੈਲੰਡਰ ਸਾਲ ਦੇ 13 ਟੈਸਟ ਮੈਚਾਂ ’ਚ ਬੁਮਰਾਹ ਨੇ 71 ਵਿਕਟਾਂ ਲੈ ਕੇ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਅਤੇ ਇਸ ਫਾਰਮੈਟ ’ਚ ਉਹ ਸਭ ਤੋਂ ਸਫਲ ਗੇਂਦਬਾਜ਼ ਰਿਹਾ ਹੈ।’
ਇਸੇ ਤਰ੍ਹਾਂ ਰੂਟ ਨੇ 17 ਟੈਸਟ ਮੈਚਾਂ ’ਚ 55.57 ਦੀ ਔਸਤ ਨਾਲ 1,556 ਦੌੜਾਂ ਬਣਾਈਆਂ। 34 ਸਾਲਾ ਰੂਟ ਨੇ ਆਪਣੇ ਕਰੀਅਰ ਵਿੱਚ ਪੰਜਵੀਂ ਵਾਰ ਇੱਕ ਕੈਲੰਡਰ ਸਾਲ ਵਿੱਚ ਇੱਕ ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਇਸ ਦੌਰਾਨ ਉਸ ਨੇ ਛੇ ਸੈਂਕੜੇ ਅਤੇ ਪੰਜ ਨੀਮ ਸੈਂਕੜੇ ਲਾਏ। ਰੂਟ ਦਾ ਹਮਵਤਨ ਬਰੁੱਕ ਵੀ 12 ਟੈਸਟ ਮੈਚਾਂ ਵਿੱਚ 55.00 ਦੀ ਔਸਤ ਨਾਲ 1,100 ਦੌੜਾਂ ਬਣਾ ਕੇ ਟੈਸਟ ਕ੍ਰਿਕਟ ਵਿੱਚ ਸਰਬੋਤਮ ਚਾਰ ਖਿਡਾਰੀਆਂ ਦੀ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਚਾਰ ਸੈਂਕੜੇ ਅਤੇ ਤਿੰਨ ਨੀਮ ਸੈਂਕੜੇ ਲਾਏ। ਨੌਂ ਟੈਸਟਾਂ ਵਿੱਚ 74.92 ਦੀ ਔਸਤ ਨਾਲ 1,049 ਦੌੜਾਂ ਬਣਾਉਣ ਵਾਲਾ ਸ੍ਰੀਲੰਕਾ ਦਾ ਮੈਂਡਿਸ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
‘ਸਰਬੋਤਮ ਮਹਿਲਾ ਕ੍ਰਿਕਟਰ’ ਲਈ ਨਾਮਜ਼ਦ ਖਿਡਾਰਨਾਂ ’ਚ ਕੋਈ ਭਾਰਤੀ ਸ਼ਾਮਲ ਨਹੀ:ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਖਿਡਾਰਨਾਂ ਦੀ ਸੂਚੀ ਵਿੱਚ ਕੋਈ ਵੀ ਭਾਰਤੀ ਸ਼ਾਮਲ ਨਹੀਂ ਹੈ। ਇਸ ਸੂਚੀ ’ਚ ਸ੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਅਤੇ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਦੇ ਨਾਲ ਆਸਟਰੇਲੀਆ ਦੀ ਐਨਾਬੇਲ ਸਦਰਲੈਂਡ ਅਤੇ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਸ਼ਾਮਲ ਹਨ।