ਨਵੀਂ ਦਿੱਲੀ-ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਯਾਦਗਾਰ ਵਾਸਤੇ ਥਾਂ ਦੀ ਨਿਸ਼ਾਨਦੇਹੀ ਲਈ ਅਮਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਢੁੱਕਵੀਂ ਥਾਂ ਨੂੰ ਅੰਤਿਮ ਰੂਪ ਦੇਣ ਲਈ ਸਿੰਘ ਦੇ ਪਰਿਵਾਰ ਨਾਲ ਰਾਬਤਾ ਬਣਾਇਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਸੀਪੀਡਬਲਿਊਡੀ ਅਧਿਕਾਰੀਆਂ ਨੇ ਰਾਸ਼ਟਰੀ ਸਮ੍ਰਿਤੀ ਸਥੱਲ ਵਿਚ ਸੰਜੈ ਗਾਂਧੀ ਦੀ ਯਾਦਗਾਰ ਨੇੜੇ ਦੌਰਾ ਕਰਕੇ ਕੁਝ ਥਾਵਾਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਯਾਦਗਾਰ ਬਣਾਈ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਦੇ ਸੰਪਰਕ ਵਿਚ ਹੈ ਤੇ ਯਾਦਗਾਰ ਦੀ ਥਾਂ ਲਈ ਤਿੰਨ ਚਾਰ ਵਿਕਲਪਾਂ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ। ਉਂਝ ਸੂਤਰਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਸਾਈਟ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਤੇ ਸਿੰਘ ਦੇ ਪਰਿਵਾਰ ਦੇ ਸਲਾਹ ਮਸ਼ਵਰੇ ਨਾਲ ਹੀ ਅਗਲਾ ਕਦਮ ਪੁੱਟਿਆ ਜਾਵੇਗਾ। ਕੇਂਦਰ ਸਰਕਾਰ ਯਾਦਗਾਰ ਲਈ ਚੋਣਵੀਂ ਥਾਂ ਅਲਾਟ ਕਰਨ ਤੋਂ ਪਹਿਲਾਂ ਟਰੱਸਟ ਸਥਾਪਿਤ ਕਰੇਗੀ। ਡਾ.ਮਨਮੋਹਨ ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਕਾਂਗਰਸ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਗਮਬੋਧ ਘਾਟ ਵਿਚ ਕੀਤੇ ਜਾਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ। ਉਦੋਂ ਤੋਂ ਹੁਣ ਤੱਕ ਸਿੰਘ ਦੀ ਯਾਦਗਾਰ ਸਥਾਪਿਤ ਕਰਨ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਜਾਰੀ ਹੈ।