ਚੰਡੀਗੜ੍ਹ: 20 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਦੀ ਜਗ੍ਹਾ ‘ਤੇ ਬੈਠੀ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਸਾਥ ਛੱਡ ਚੁੱਕੇ ਹਨ ਤੇ ਕਈਆਂ ਨੇ ਪਾਰਟੀ ‘ਚ ਰਹਿੰਦਿਆਂ ਹੀ ਖ਼ੁਦ ਨੂੰ ਵੱਖ ਕੀਤਾ ਹੋਇਆ ਹੈ। ਪਾਰਟੀ ਦੇ ਵਿਰੋਧੀ ਧਿਰ ਦੇ ਅਹੁਦੇ ‘ਤੇ ਬਣੇ ਰਹਿਣ ‘ਤੇ ਵੀ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 15 ਵਿਧਾਇਕ ਹਨ। ਇਸ ਦੇ ਬਾਵਜੂਦ ਪਰ ਫਿਰ ਵੀ ‘ਆਪ’ ਨੇ ਅੱਜ ਆਪਣੇ 10 ਵਿਧਾਇਕਾਂ ਨਾਲ ਇੱਕਜੁੱਟਦਾ ਦਾ ਪ੍ਰਗਟਾਵਾ ਕੀਤਾ।
‘ਆਪ’ ਦੇ ਵਿਧਾਇਕ ਦਲ ਦੀ ਬੈਠਕ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਮੌਜੂਦ ਸਨ ਤੇ ‘ਆਪ’ ਲੀਡਰਾਂ ਨੇ ਬਲਜਿੰਦਰ ਕੌਰ ਤੇ ਫੂਲਕਾ ਨੂੰ ਵੀ ਆਪਣੇ ਨਾਲ ਹੀ ਗਿਣਿਆ। ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਨੂੰ ਖ਼ਤਮ ਕਰ ਲਈ ਅਕਾਲੀ ਦਲ ਤੇ ਕਾਂਗਰਸ ਨੇ ਸੁਪਾਰੀ ਦਿੱਤੀ ਹੋਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਨਾਲ ਕੁਝ ਸੀਟਾਂ ‘ਤੇ ਫਰੈਂਡਲੀ ਮੈਚ ਖੇਡ ਰਹੇ ਹਨ ਅਤੇ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜ ਕੇ ਆਪਣੀ ਚੰਮ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਬੇਸ਼ੱਕ ਇਸ ਨਾਲ ਲੋਕਾਂ ‘ਤੇ ਜ਼ਿਮਨੀ ਚੋਣ ਦਾ ਕਿੰਨਾ ਵੀ ਵਾਧੂ ਭਾਰ ਕਿਉਂ ਨਾ ਪੈ ਜਾਵੇ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਵੱਲੋਂ ਬੁਢਲਾਡਾ ਦੇ ਇੱਕ ਸਮਾਜ ਸੇਵੀ ਨੂੰ 50 ਹਜ਼ਾਰ ਰੁਪਏ ਨਾਲ ਖ਼ਰੀਦਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।
ਇਸ ਮੌਕੇ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਧਰਾਤਲ ਪੱਧਰ ‘ਤੇ ਸਥਿਤੀ ‘ਆਪ’ ਦੇ ਹੱਕ ‘ਚ ਹੈ। ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨਾਲ ਝੂਠ ਬੋਲਣ ਅਤੇ ਜੁਮਲੇਬਾਜੀ ਕਰਨ ‘ਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੀ ਉਸਤਾਦ ਸਾਬਤ ਹੋਏ ਹਨ ਅਤੇ ਆਪਣੀ ਕਾਰਗੁਜ਼ਾਰੀ ‘ਤੇ ਵੋਟਾਂ ਮੰਗਣ ਦੀ ਥਾਂ ਦਲ ਬਦਲੀ ‘ਚ ਪੰਜਾਬ ਦੇ ਭਜਨ ਲਾਲ ਬਣਨ ਲੱਗੇ ਹਨ।