ਚੰਡੀਗੜ੍ਹ: ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇ ਤੁਹਾਡੀ ਪਤਨੀ ਖ਼ੁਸ਼ ਹੈ ਤਾਂ ਤੁਸੀਂ ਸਿਹਤਮੰਦ ਰਹੋਗੇ ਤੇ ਲੰਮੀ ਉਮਰ ਜੀਓਗੇ। ਦੂਜੇ ਪਾਸੇ ਜਿਨ੍ਹਾਂ ਦੇ ਜੀਵਨਸਾਥੀ ਘੱਟ ਖੁਸ਼ ਹੁੰਦੇ ਹਨ, ਉਹ ਖ਼ੁਸ਼ ਜੀਵਨਸਾਥੀ ਨਾਲੋਂ ਘੱਟ ਉਮਰ ਹੰਢਾਉਂਦੇ ਹਨ। ਇਹ ਖੋਜ ਜਰਨਲ ‘ਸਾਇਕਲੌਜੀਕਲ ਸਾਇੰਸ’ ਵਿੱਚ ਛਾਪੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਖ਼ੁਸ਼ਹਾਲ ਜੋੜਾ ਨਾ ਸਿਰਫ਼ ਲੰਮੇ ਸਮੇਂ ਤਕ ਵਿਆਹੁਤਾ ਜ਼ਿੰਦਗੀ ਹੰਢਾਉਂਦੇ ਹਨ ਸਗੋਂ ਲੰਮਾ ਤੇ ਸਿਹਤਮੰਦ ਜੀਵਨ ਵੀ ਜਿਊਂਦੇ ਹਨ।
ਨੀਦਰਲੈਂਡ ਦੀ ਟਿਲਬਰਗ ਯੂਨੀਵਰਸਿਟੀ ਦੇ ਵਿਗਿਆਨੀ ਓਲਗਾ ਸਟਾਵਰੋਵਾ ਨੇ ਦੱਸਿਆ ਕਿ ਖੋਜ ਦੇ ਡੇਟਾ ਤੋਂ ਪਤਾ ਚੱਲਦਾ ਹੈ ਕਿ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਸੰਤੁਸ਼ਟੀ ਜੋੜੇ ਦੇ ਆਰਥਿਕ, ਸਮਾਜਿਕ ਤੇ ਉਨ੍ਹਾਂ ਦੀ ਰਹਿਣੀ-ਬਹਿਣੀ ਜਾਂ ਸਿਹਤ ‘ਤੇ ਨਿਰਭਰ ਕਰਦੀ ਹੈ। ਦੱਸ ਦੇਈਏ ਇਸ ਖੋਜ ਲਈ ਅਮਰੀਕਾ ਵਿੱਚ 50 ਸਾਲ ਤੋਂ ਉਪਰ ਦੇ ਕਰੀਬ 4,400 ਜੋੜਿਆਂ ‘ਤੇ ਅਧਿਐਨ ਕੀਤਾ ਗਿਆ ਹੈ।
ਖੋਜ ਤੋਂ ਪਤਾ ਲੱਗਾ ਕਿ ਆਦਮੀ ਜਾਂ ਔਰਤ ਆਪਣੇ ਜੀਵਨ ਦੀ ਸੰਤੁਸ਼ਟੀ ਨਾਲੋਂ ਵਧੇਰੇ ਆਪਣੇ ਜੀਵਨਸਾਥੀ ਜਾਂ ਉਸ ਦੀ ਮੌਤ ਦੀ ਦਰ ਵੱਲ ਵਧੇਰੇ ਧਿਆਨ ਦਿੰਦੇ ਹਨ। ਖੋਜ ਮੁਤਾਬਕ ਜਿਹੜੇ ਲੋਕਾਂ ਦਾ ਜੀਵਨਸਾਥੀ ਖ਼ੁਸ਼ ਤੇ ਐਕਟਿਵ ਹੁੰਦਾ ਹੈ, ਉਨ੍ਹਾਂ ਦੀ ਜੀਵਨਸ਼ੈਲੀ ਵੀ ਓਨੀ ਹੀ ਐਕਟਿਵ ਹੁੰਦੀ ਹੈ।
ਖੋਜੀਆਂ ਨੇ ਨੋਟ ਕੀਤਾ ਕਿ ਜੀਵਨਸਾਥੀ ਦੀ ਉਸ ਦੀ ਜ਼ਿੰਦਗੀ ਪ੍ਰਤੀ ਸੰਤੁਸ਼ਟੀ ਕਿਤੇ ਨਾ ਕਿਤੇ ਦੋਵਾਂ ਸਾਥੀਆਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਤਕ ਲੈ ਕੇ ਜਾਂਦੀ ਹੈ। ਜੇ ਜੀਵਨਸਾਥੀ ਤਣਾਓ ਵਿੱਚ ਰਹਿੰਦਾ ਹੈ ਜਾਂ ਆਪਣੀ ਸ਼ਾਮ ਟੀਵੀ ਸਾਹਮਣੇ ਚਿਪਸ ਖਾ ਕੇ ਬਤੀਤ ਕਰਨਾ ਚਾਹੁੰਦਾ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਇਸੇ ਸ਼ਾਮ ਦੀ ਤਰ੍ਹਾਂ ਹੋਏਗੀ।