ਨਵੀਂ ਦਿੱਲੀ-ਪਿਛਲੇ ਸਾਲ ਸੰਸਦ ਦੀ ਸੁਰੱਖਿਆ ਤੋਂ ਹਟਾਈ ਸੀਆਰਪੀਐੱਫ ਦੀ ਵਿਸ਼ੇਸ਼ ਇਕਾਈ ਨੂੰ ਅਖੀਰ ਭੰਗ ਕਰਕੇ ਬਲ ਦੇ ਵੀਆਈਪੀ ਸੁਰੱਖਿਆ ਵਿੰਗ ’ਚ ਮਿਲਾ ਦਿੱਤਾ ਗਿਆ ਹੈ, ਜਿਸ ਨੂੰ ਹਾਲ ਹੀ ਵਿੱਚ 1,000 ਤੋਂ ਵੱਧ ਜਵਾਨਾਂ ਦੀ ਨਵੀਂ ਬਟਾਲੀਅਨ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕਰਕੇ ਸੀਆਰਪੀਐੱਫ ਅਧੀਨ ਲਗਪਗ 1,400 ਜਵਾਨਾਂ ਵਾਲੇ ਸੰਸਦ ਡਿਊਟੀ ਗਰੁੱਪ (ਪੀਡੀਜੀ) ਦਾ ਨਾਮ ਬਦਲ ਕੇ ਵੀਆਈਪੀ ਸੁਰੱਖਿਆ ਗਰੁੱਪ (ਵੀਐੱਸਜੀ) ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਤਾਇਨਾਤ ਬਲ ਦੀ ਬਟਾਲੀਅਨ ਨੰਬਰ 190 ਨੂੰ ਬਲ ਦੀ ਵੀਆਈਪੀ ਸੁਰੱਖਿਆ ਯੂਨਿਟ ਵਿੱਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਸੀ। ਹਜ਼ਾਰ ਤੋਂ ਵੱਧ ਜਵਾਨਾਂ ਵਾਲੀ ਇਸ ਬਟਾਲੀਅਨ ਨੂੰ ਝਾਰਖੰਡ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਕੇਂਦਰੀ ਰਿਜ਼ਰਵ ਪੁਲੀਸ ਗਰੁੱਪ (ਸੀਆਰਪੀਐੱਫ) ਦਾ ਵੀਆਈਪੀ ਸੁਰੱਖਿਆ ਵਿੰਗ ਇਸ ਵੇਲੇ 200 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਮੈਂਬਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸ਼ਾਮਲ ਹਨ। ਸੀਆਰਪੀਐੱਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਵੀਆਈਪੀ ਸੁਰੱਖਿਆ ਵਿੰਗ ਦਾ ਕੰਮ ਦਿਨੋ-ਦਿਨ ਵੱਧ ਰਿਹਾ ਹੈ। ਨਵੀਂ ਬਟਾਲੀਅਨ ਅਤੇ ਪੀਡੀਜੀ ਦੇ ਸ਼ਾਮਲ ਹੋਣ ਨਾਲ ਇਸ ਵਿਚਲੇ ਜਵਾਨਾਂ ਦੀ ਗਿਣਤੀ 8,000 ਤੋਂ ਵੱਧ ਹੋ ਗਈ ਹੈ।’ਪਿਛਲੇ ਸਾਲ ਮਈ ਵਿੱਚ ਸੰਸਦ ਭਵਨ ਦੀ ਸੁਰੱਖਿਆ ਦਾ ਕੰਮ ਪੀਡੀਜੀ ਤੋਂ ਵਾਪਸ ਲੈ ਕੇ ਸੀਆਈਐੱਸਐੱਫ ਨੂੰ ਸੌਂਪ ਦਿੱਤਾ ਗਿਆ ਸੀ।