ਯੇਰੂਸ਼ਲਮ-ਗਾਜ਼ਾ ’ਚ 15 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਅਤੇ ਦਰਜਨਾਂ ਬੰਦੀਆਂ ਦੀ ਰਿਹਾਈ ਸਬੰਧੀ ਸਮਝੌਤੇ ’ਚ ਇਜ਼ਰਾਈਲ ਅੜਿੱਕਾ ਬਣ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨਾਲ ਗੋਲਬੰਦੀ ਦੇ ਸਮਝੌਤੇ ਦੀ ਗੱਲ ਸਿਰੇ ਨਹੀਂ ਚੜ੍ਹੀ ਹੈ। ਉਂਝ ਅਮਰੀਕਾ ਅਤੇ ਕਤਰ ਨੇ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। ਉਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਗੋਲੀਬੰਦੀ ਦੇ ਸਮਝੌਤੇ ਦੇ ਐਲਾਨ ਮਗਰੋਂ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 72 ਵਿਅਕਤੀ ਮਾਰੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਭਾਰਤ ਵੱਲੋਂ ਗਾਜ਼ਾ ’ਚ ਗੋਲੀਬੰਦੀ ਦੇ ਸਮਝੌਤੇ ਦਾ ਸਵਾਗਤ:ਭਾਰਤ ਨੇ ਗਾਜ਼ਾ ’ਚ ਗੋਲੀਬੰਦੀ ਅਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਦਾ ਸਵਾਗਤ ਕੀਤਾ ਹੈ। ਭਾਰਤ ਨੇ ਆਸ ਜਤਾਈ ਹੈ ਕਿ ਸਮਝੌਤੇ ਨਾਲ ਗਾਜ਼ਾ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਲਗਾਤਾਰ ਮਾਨਵੀ ਸਹਾਇਤਾ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਾਰੇ ਬੰਧਕਾਂ ਦੀ ਰਿਹਾਈ ਅਤੇ ਗੋਲੀਬੰਦੀ ਦਾ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ ਤਾਂ ਜੋ ਵਾਰਤਾ ਅਤੇ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਧਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਗੋਲੀਬੰਦੀ ਦੇ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਾਂਤੀ ਵੱਲ ਪਹਿਲਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਫਲਸਤੀਨੀਆਂ ਅਤੇ ਇਜ਼ਰਾਇਲੀਆਂ ਦੇ ਬਿਹਤਰ ਭਵਿੱਖ ਲਈ ਭਰੋਸੇਯੋਗ ਸਿਆਸੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਰ, ਕਤਰ ਅਤੇ ਅਮਰੀਕਾ ਵੱਲੋਂ ਸਮਝੌਤਾ ਕਰਾਉਣ ਦੀ ਵੀ ਸ਼ਲਾਘਾ ਕੀਤੀ ਹੈ।
ਟਰੰਪ ਅਤੇ ਬਾਇਡਨ ਨੇ ਸਮਝੌਤੇ ਲਈ ਆਪੋ-ਆਪਣੀ ਪਿੱਠ ਥਾਪੜੀ-ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦੇ ਸਮਝੌਤੇ ਦਾ ਸਿਹਰਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪੋ ਆਪਣੇ ਸਿਰ ’ਤੇ ਬੰਨ੍ਹਿਆ ਹੈ। ਟਰੰਪ ਨੇ ਕਿਹਾ ਕਿ ਸਮਝੌਤੇ ਪਿੱਛੇ ਉਨ੍ਹਾਂ ਦਾ ਹੱਥ ਹੈ, ਜਦਕਿ ਬਾਇਡਨ ਨੇ ਕਿਹਾ ਕਿ ਪਿਛਲੇ ਸਾਲ ਮਈ ’ਚ ਬਣਾਈ ਗਈ ਯੋਜਨਾ ਤਹਿਤ ਉਹ ਹੁਣ ਜਾ ਕੇ ਸਮਝੌਤੇ ’ਤੇ ਪੁੱਜੇ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਦੀ ਨਵੰਬਰ ’ਚ ਇਤਿਹਾਸਕ ਜਿੱਤ ਦੇ ਨਤੀਜੇ ਵਜੋਂ ਗੋਲੀਬੰਦੀ ਦਾ ਸਮਝੌਤਾ ਸਿਰੇ ਚੜ੍ਹਿਆ ਹੈ ਕਿਉਂਕਿ ਪੂਰੀ ਦੁਨੀਆ ਸਮਝ ਗਈ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਾਂਤੀ ਅਤੇ ਸਾਰੇ ਅਮਰੀਕੀਆਂ ਤੇ ਭਾਈਵਾਲਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੀ ਹੈ। ਟਰੰਪ ਨੇ ਕਿਹਾ ਕਿ ਦੋਹਾ ’ਚ ਗੱਲਬਾਤ ’ਚ ਸ਼ਾਮਲ ਮੱਧ ਪੂਰਬ ਮਾਮਲਿਆਂ ਦੇ ਸਫ਼ੀਰ ਸਟੀਵ ਵਿਟਕੌਫ ਇਜ਼ਰਾਈਲ ਅਤੇ ਹੋਰ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਾ ਜਾਰੀ ਰਖਣਗੇ ਤਾਂ ਜੋ ਗਾਜ਼ਾ ਦਹਿਸ਼ਤਗਰਦਾਂ ਦੀ ਮੁੜ ਤੋਂ ਸੁਰੱਖਿਅਤ ਪਨਾਹਗਾਹ ਨਾ ਬਣ ਸਕੇ।