ਅੰਬਾਲਾ-ਪੈਰਿਸ ਓਲੰਪਿਕ ਖੇਡਾਂ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਅੰਬਾਲਾ ਦੇ ਪਿੰਡ ਧੀਨ ਦੇ ਪੁੱਤਰ ਸਰਬਜੋਤ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਦਿੱਤਾ।
ਜਿਵੇਂ ਹੀ ਇਸ ਗੱਲ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਾ ਤਾਂ ਉਹ ਖੁਸ਼ੀ ਨਾਲ ਝੂਮ ਉੱਠੇ। ਇਹ ਐਵਾਰਡ ਲੈਣ ਲਈ ਸਰਬਜੋਤ ਦਾ ਪਰਿਵਾਰ ਉਸ ਨਾਲ ਦਿੱਲੀ ਗਿਆ ਹੋਇਆ ਸੀ। ਸਰਬਜੋਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹੈ।
ਸਰਬਜੋਤ ਸਿੰਘ ਦੇ ਪਿਤਾ ਨੇ ਕਿਹਾ ‘‘ਇਹ ਸਾਡੇ ਪਰਿਵਾਰ ਅਤੇ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਸਾਡੇ ਪੁੱਤਰ ਸਰਬਜੋਤ ਸਿੰਘ ਨੇ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ।’’ ਸਰਬਜੋਤ ਸਿੰਘ ਨੇ ਕਿਹਾ, ‘‘ਇਹ ਮੇਰੀ ਜ਼ਿੰਦਗੀ ਦਾ ਵੱਡਾ ਸਨਮਾਨ ਹੈ, ਜਿਸ ਨਾਲ ਅੰਤਰਰਾਸ਼ਟਰੀ ਮੰਚ ‘ਤੇ ਅੰਬਾਲਾ ਦਾ ਨਾਂ ਰੌਸ਼ਨ ਹੋਇਆ ਹੈ।’’
ਜ਼ਿਕਰਯੋਗ ਹੈ ਕਿ ਸਰਬਜੋਤ ਸਿੰਘ ਨੇ ਨਿਸ਼ਾਨੇਬਾਜ਼ੀ ਵਿੱਚ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਨਾ ਸਿਰਫ਼ ਭਾਰਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਮਸ਼ਹੂਰ ਕੀਤਾ ਹੈ, ਸਗੋਂ ਆਪਣੀ ਲਗਨ ਅਤੇ ਮਿਹਨਤ ਨਾਲ ਨੌਜਵਾਨਾਂ ਲਈ ਇੱਕ ਮਿਸਾਲ ਵੀ ਕਾਇਮ ਕੀਤੀ ਹੈ। ਅਰਜੁਨ ਅਵਾਰਡ, ਭਾਰਤੀ ਖੇਡ ਜਗਤ ਵਿੱਚ ਇੱਕ ਵੱਕਾਰੀ ਸਨਮਾਨ, ਖਿਡਾਰੀਆਂ ਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਸਰਬਜੋਤ ਲਈ ਇਹ ਸਨਮਾਨ ਉਸ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਸਰਬਜੋਤ ਸਿੰਘ ਨੇ ਕਿਹਾ, ‘‘ਇਹ ਸਭ ਪਰਿਵਾਰ, ਕੋਚਾਂ ਅਤੇ ਸਮਰਥਕਾਂ ਦੇ ਯੋਗਦਾਨ ਦਾ ਨਤੀਜਾ ਹੈ। ਇਹ ਪੁਰਸਕਾਰ ਮੈਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।’’ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 30 ਜੁਲਾਈ 2024 ਨੂੰ ਪੈਰਿਸ ਓਲੰਪਿਕ ਵਿੱਚ, ਉਨ੍ਹਾਂ ਨੇ ਹਰਿਆਣਾ ਦੀ ਹੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਮਨੂ ਭਾਕਰ ਦੇ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਮਜ਼ਬੂਤ ਕੋਰੀਆਈ ਟੀਮ ਨੂੰ ਹਰਾ ਕੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਸਰਬਜੋਤ ਸਿੰਘ ਨੇ 2017 ਤੋਂ ਸ਼ੂਟਿੰਗ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਹੀ ਉਸ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ 9 ਸੋਨ ਤਗਮੇ ਜਿੱਤੇ ਹਨ। ਸਰਬਜੋਤ ਸਿੰਘ ਦੀ ਸਫ਼ਲਤਾ ਨੇ ਸਾਬਤ ਕਰ ਦਿੱਤਾ ਕਿ ਛੋਟੇ ਪਿੰਡਾਂ ਵਿੱਚੋਂ ਵੀ ਵੱਡੇ-ਵੱਡੇ ਸੁਪਨੇ ਵੇਖੇ ਜਾ ਸਕਦੇ ਹਨ।