ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਜੇਡੀ ਵਾਂਸ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੁਕੁਰੀ ਵਾਂਸ ਦੀ ਆਪਣੇ ਉਪ ਰਾਸ਼ਟਰਪਤੀ ਵਜੋਂ ਚੋਣ ਕਰਦੇ ਕਿਉਂਕਿ ‘ਉਹ ਬਹੁਤ ਹੁਸਿਆਰ ਹੈ, ਪਰ ਜਾਨਸ਼ੀਨ ਦੀ ਕਤਾਰ ਇਸ ਤਰ੍ਹਾਂ ਕੰਮ ਨਹੀਂ ਕਰਦੀ ਸੀ।’’ ਜੇਡੀ ਵਾਂਸ ਵੱਲੋਂ ਅਮਰੀਕਾ ਦੇ 50ਵੇਂ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਉਨ੍ਹਾਂ ਦੀ ਪਤਨੀ ਊਸ਼ਾ (39) ਪਹਿਲੀ ਭਾਰਤੀ ਅਮਰੀਕੀ ਤੇ ਹਿੰਦੂ ਦੋਇਮ ਲੇਡੀ ਬਣ ਗਈ ਹੈ। ਸੋਮਵਾਰ ਨੂੰ ਹਲਫ਼ਦਾਰੀ ਸਮਾਗਮ ਦੌਰਾਨ ਗੁਲਾਬੀ ਰੰਗ ਦਾ ਕੋਟ ਪਾਈ ਊਸ਼ਾ ਨੇ ਇਕ ਹੱਥ ਵਿਚ ਬਾਈਬਲ ਤੇ ਦੂਜੇ ਵਿਚ ਧੀ ਮੀਰਾਬੇਲ ਰੋਜ਼ ਨੂੰ ਕੁੱਛੜ ਚੁੱਕਿਆ ਹੋਇਆ ਸੀ।
ਭਾਰਤੀ ਪਰਵਾਸੀਆਂ ਦੀ ਧੀ ਊਸ਼ਾ ਪੇਸ਼ੇ ਵਜੋਂ ਵਕੀਲ ਹੈ ਤੇ ਉਸ ਦਾ ਜੱਦੀ ਪਿੰਡ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵਾਡਲੁਰੂ ਹੈ। ਊਸ਼ਾ ਅਮਰੀਕਾ ਦੀ ਦੋਇਮ ਮਹਿਲਾ ਬਣਨ ਵਾਲੀ ਸਭ ਤੋਂ ਛੋਟੀ ਉਮਰ ਦੀ ਹੈ। ਇਸ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਐਲਬੈੱਨ ਬਾਕਰਲੇ ਦੀ ਪਤਨੀ ਜੇਨ ਹੈਡਲੇ ਬਾਰਕਲੇ(38) ਨੂੰ ਇਹ ਮਾਣ ਹਾਸਲ ਹੋਇਆ ਸੀ।
ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵੇਨੌਗ, ਜੋ ਊਸ਼ਾ ਦੇ ਮੈਂਟਰ ਵੀ ਹਨ, ਨੇ ਉਸ ਦੇ ਪਤੀ ਜੇਡੀ ਵਾਂਸ ਨੂੰ ਉਪ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ। ਵਾਂਸ ਜੋੜੇ ਦੇ ਤਿੰਨ ਬੱਚੇ ਹਨ- ਦੋ ਬੇਟੇ ਇਵਾਨ ਤੇ ਵਿਵੇਕ ਅਤੇ ਧੀ ਮੀਰਾਬੇਲ।